ਚੰਡੀਗੜ੍ਹ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਦੇ ਮੇਨਜ਼ ਪ੍ਰੀਖਿਆ ਦੇ ਨਤੀਜਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਥਿਤ ਧਾਂਦਲੀ ਰਾਹੀਂ ਇਸ ਵੱਕਾਰੀ ਪੀਸੀਐੱਸ ਪ੍ਰੀਖਿਆ ਨੂੰ “ਹਾਈਜੈਕ” ਕਰਨ ਦੇ ਦੋਸ਼ ਲਗਾਉਂਦਿਆਂ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਜਾਖੜ ਨੇ ‘ਐਕਸ’ (ਟਵਿੱਟਰ) ’ਤੇ ਇੱਕ ਪੋਸਟ ਵਿੱਚ ਕਿਹਾ ਕਿ ਐਲਾਨੇ ਗਏ ਨਤੀਜਿਆਂ ਨੇ ਭਗਵੰਤ ਮਾਨ ਸਰਕਾਰ ਦੇ “ਬਿਨਾਂ ਖਰਚੇ, ਬਿਨਾਂ ਪਰਚੀ” ਨੌਕਰੀਆਂ ਦੇਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ, “ਪਹਿਲਾਂ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ, ਫਿਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਪੈਰਾਮੈਡੀਕਲ ਸਟਾਫ਼ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਅਤੇ ਹੁਣ ਪੀਪੀਐੱਸਸੀ ਮੇਨਜ਼ ਵਿੱਚ ਕਥਿਤ ਗੜਬੜੀਆਂ ਰਾਹੀਂ ਪੀਸੀਐੱਸ ਪ੍ਰੀਖਿਆ ਨੂੰ ਹਾਈਜੈਕ ਕਰ ਲਿਆ ਗਿਆ ਹੈ। ਪੰਜਾਬ ਦੇ ਯੂਥ ਨੂੰ ਆਪ ਤੈਅ ਕਰਨਾ ਚਾਹੀਦਾ ਹੈ ਕਿ ਇਹ ਨੀਟ (NEET) ਪੇਪਰ ਲੀਕ ਮਾਮਲੇ ਤੋਂ ਕਿਵੇਂ ਵੱਖਰਾ ਹੈ।”
ਚੋਣ ਦੇ ਪੈਟਰਨ ਵੱਲ ਇਸ਼ਾਰਾ ਕਰਦਿਆਂ ਜਾਖੜ ਨੇ ਕਿਹਾ ਕਿ ਇਕੱਲੇ-ਇਕੱਲੇ ਪ੍ਰੀਖਿਆ ਕਮਰਿਆਂ ਵਿੱਚੋਂ 10 ਤੋਂ 11 ਉਮੀਦਵਾਰ ਚੁਣੇ ਗਏ ਹਨ। ਰੋਲ ਨੰਬਰ ਲੜੀ ਵਿੱਚ, ਕੁੱਲ 86 ਚੁਣੇ ਗਏ ਉਮੀਦਵਾਰ ਤਿੰਨ-ਤਿੰਨ ਜਾਂ ਚਾਰ-ਚਾਰ ਦੇ ਲਗਾਤਾਰ ਗਰੁੱਪਾਂ ਵਿੱਚ ਆਉਂਦੇ ਹਨ।
ਉਨ੍ਹਾਂ ਸਵਾਲ ਕੀਤਾ, “ਕੀ ਇਹ ਪੂਰੀ ਸੈਟਿੰਗ ਰੋਲ ਨੰਬਰ ਜਾਰੀ ਕਰਨ ਸਮੇਂ ਕੀਤੀ ਗਈ ਸੀ? ਕੀ ਕਿਸੇ ਯੋਜਨਾਬੱਧ ਸਾਜ਼ਿਸ਼ ਤਹਿਤ ਖਾਸ ਪਸੰਦੀਦਾ ਉਮੀਦਵਾਰਾਂ ਨੂੰ ਜਾਣਬੁੱਝ ਕੇ ਲਗਾਤਾਰ ਰੋਲ ਨੰਬਰ ਅਲਾਟ ਕੀਤੇ ਗਏ ਸਨ?”
ਉਨ੍ਹਾਂ ਸਵਾਲ ਉਠਾਇਆ ਕਿ ਇੱਕ ਖਾਸ ਕੇਂਦਰ ਵਿੱਚ ਜਾਂ ਕੁਝ ਖਾਸ ਕਮਰਿਆਂ ਵਿੱਚ ਬੈਠੇ ਲਗਪਗ ਇੱਕ ਚੌਥਾਈ ਉਮੀਦਵਾਰ ਅਜਿਹੀ ਪ੍ਰਤੀਯੋਗੀ ਪ੍ਰੀਖਿਆ ਕਿਵੇਂ ਪਾਸ ਕਰ ਸਕਦੇ ਹਨ, “ਜਦੋਂ ਤੱਕ ਕੋਈ ਖਾਸ ਤਰੀਕਾ ਨਾ ਅਪਣਾਇਆ ਗਿਆ ਹੋਵੇ”।
ਜਾਖੜ ਨੇ ਕਿਹਾ ਕਿ ਮਾਨ ਸਰਕਾਰ ਨੂੰ ਪਹਿਲਾਂ ਵੀ ਭਰਤੀ ਪ੍ਰੀਖਿਆਵਾਂ ਵਿੱਚ ਗੜਬੜੀਆਂ ਦੇ ਅਜਿਹੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ, “ਇਹ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ, ਉਮੀਦਾਂ ਅਤੇ ਭਵਿੱਖ ਦਾ ਸਵਾਲ ਹੈ।”
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਜਾਂਚ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਹ “ਬਹੁਤ ਜ਼ਰੂਰੀ” ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਸਾਰੇ ਤੱਥ ਲੋਕਾਂ ਦੇ ਸਾਹਮਣੇ ਰੱਖੇ ਜਾਣ।
ਪੀਪੀਐੱਸਸੀ ਅਤੇ ਰਾਜ ਸਰਕਾਰ ਦੀ ਪ੍ਰਤੀਕਿਰਿਆ ਦੀ ਉਡੀਕ ਕੀਤੀ ਜਾ ਰਹੀ ਹੈ।

