Punjab ED Raid: ‘ਆਪ’ ਵਿਧਾਇਕਾ ਤੋਂ ਬਾਅਦ ਹੁਣ ਜ਼ੀਰਾ ‘ਚ ਮੁਅੱਤਲ ਪਟਵਾਰੀ ਦੇ ਘਰ ਈਡੀ ਦੀ ਰੇਡ

Punjab ED Raid: ‘ਆਪ’ ਵਿਧਾਇਕਾ ਤੋਂ ਬਾਅਦ ਹੁਣ ਜ਼ੀਰਾ ‘ਚ ਮੁਅੱਤਲ ਪਟਵਾਰੀ ਦੇ ਘਰ ਈਡੀ ਦੀ ਰੇਡ

ਚੰਡੀਗੜ੍ਹ : ਪੰਜਾਬ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਦੀ ਕਾਰਵਾਈ ਜਾਰੀ ਹੈ। ਮੋਗਾ ਤੋਂ ਆਮ ਆਦਮੀ ਪਾਰਟੀ (AAP) ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ ਮਾਰੇ ਗਏ ਛਾਪੇ ਤੋਂ ਬਾਅਦ, ਅੱਜ ਵੀਰਵਾਰ ਸਵੇਰੇ ਈਡੀ ਦੀ ਟੀਮ ਨੇ ਫਿਰੋਜ਼ਪੁਰ ਦੇ ਜ਼ੀਰਾ ਵਿਖੇ ਇੱਕ ਮੁਅੱਤਲ ਪਟਵਾਰੀ ਦੇ ਘਰ ‘ਤੇ ਰੇਡ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਕਰੀਬ 6 ਵਜੇ ਈਡੀ ਦੀ ਟੀਮ ਜ਼ੀਰਾ ਸਥਿਤ ਨਿਵਾਸ ਵਿਖੇ ਨਿਜੀ ਤੌਰ ‘ਤੇ ਤਾਇਨਾਤ ਰਹੇ ਮੁਅੱਤਲ ਪਟਵਾਰੀ ਨਵਦੀਪ ਸਿੰਘ ਦੇ ਘਰ ਪਹੁੰਚੀ। ਈਡੀ ਦੀ ਟੀਮ ਨਾਲ ਸੁਰੱਖਿਆ ਏਜੰਸੀਆਂ ਦੇ ਜਵਾਨ ਵੀ ਮੌਜੂਦ ਸਨ, ਜਿਨ੍ਹਾਂ ਨੇ ਪੂਰੇ ਘਰ ਨੂੰ ਘੇਰੇ ਵਿੱਚ ਲੈ ਲਿਆ ਅਤੇ ਕਿਸੇ ਵੀ ਬਾਹਰੀ ਵਿਅਕਤੀ ਦੇ ਅੰਦਰ ਜਾਣ ਜਾਂ ਬਾਹਰ ਆਉਣ ‘ਤੇ ਮੁਕੰਮਲ ਰੋਕ ਲਗਾ ਦਿੱਤੀ। ਨਵਦੀਪ ਸਿੰਘ ਜ਼ਿਲ੍ਹਾ ਮੋਗਾ ਦੇ ਧਰਮਕੋਟ ਵਿਖੇ ਪਟਵਾਰੀ ਵਜੋਂ ਤਾਇਨਾਤ ਸੀ ਅਤੇ ਉਸ ਦੇ ਖ਼ਿਲਾਫ਼ 16 ਜੂਨ 2024 ਨੂੰ ਧਰਮਕੋਟ ਥਾਣੇ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮਾਲ ਵਿਭਾਗ ਵੱਲੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਕਾਫ਼ੀ ਸਮਾਂ ਫਰੀਦਕੋਟ ਜੇਲ੍ਹ ਵਿੱਚ ਬੰਦ ਰਹਿਣ ਤੋਂ ਬਾਅਦ ਨਵਦੀਪ ਸਿੰਘ 7 ਜੁਲਾਈ 2026 ਨੂੰ ਜ਼ਮਾਨਤ ‘ਤੇ ਬਾਹਰ ਆਇਆ ਸੀ। ਈਡੀ ਦੀਆਂ ਟੀਮਾਂ ਫਿਲਹਾਲ ਉਸ ਦੇ ਘਰ ‘ਚ ਮੌਜੂਦ ਦਸਤਾਵੇਜ਼ਾਂ ਅਤੇ ਵਿੱਤੀ ਰਿਕਾਰਡ ਦੀ ਤਲਾਸ਼ੀ ਲੈ ਰਹੀਆਂ ਹਨ। ਹਾਲਾਂਕਿ, ਅਜੇ ਤੱਕ ਏਜੰਸੀ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਜਾਂਚ ਕਿਸ ਖਾਸ ਵਿੱਤੀ ਲੈਣ-ਦੇਣ ਨਾਲ ਜੁੜੀ ਹੋਈ ਹੈ ਅਤੇ ਤਲਾਸ਼ੀ ਦੌਰਾਨ ਕੀ ਬਰਾਮਦ ਹੋਇਆ ਹੈ।

ਬੀਤੇ ਕੱਲ੍ਹ ‘ਆਪ’ ਵਿਧਾਇਕਾ ਦੇ ਨਿਵਾਸ ਸਥਾਨਾਂ ਅਤੇ ਪੇਕੇ ਪਿੰਡ ‘ਤੇ ਵੀ ਹੋਈ ਸੀ ਛਾਪੇਮਾਰੀ

ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ 6 ਵਜੇ ਈਡੀ ਦੀਆਂ ਦਿੱਲੀ ਅਤੇ ਚੰਡੀਗੜ੍ਹ ਯੂਨਿਟਾਂ ਨੇ ਮੋਗਾ ਤੋਂ ‘ਆਪ’ ਵਿਧਾਇਕਾ ਅਤੇ ਪਾਰਟੀ ਦੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਦੇ ਦੋਵਾਂ ਨਿਵਾਸ ਸਥਾਨਾਂ ‘ਤੇ ਤਲਾਸ਼ੀ ਅਭਿਆਨ ਚਲਾਇਆ ਸੀ। ਇਹ ਕਾਰਵਾਈ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੋਈ ਹੈ, ਜਿਸ ਲਈ ‘ਆਪ’ ਨੇ ਡਾ. ਅਰੋੜਾ ਨੂੰ ਮੋਗਾ ਹਲਕੇ ਤੋਂ ਮੁੜ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਈਡੀ ਦੀਆਂ ਟੀਮਾਂ ਨੇ ਵਿਧਾਇਕਾ ਦੇ ਲਾਗਲੇ ਹਲਕੇ ਬਾਘਾਪੁਰਾਣਾ ਅਤੇ ਪਟਿਆਲਾ ਨੇੜੇ ਸਥਿਤ ਉਨ੍ਹਾਂ ਦੇ ਪੇਕੇ ਪਿੰਡ ਚੰਦੂਮਾਜਰਾ ਵਿਖੇ ਵੀ ਛਾਪੇਮਾਰੀ ਕੀਤੀ।

ਛਾਪੇਮਾਰੀ ਦੌਰਾਨ ਵਿਧਾਇਕਾ ਘਰ ਵਿੱਚ ਹੀ ਮੌਜੂਦ ਸਨ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਲੰਮੀ ਪੁੱਛਗਿੱਛ ਕੀਤੀ ਗਈ। ਕਾਰਵਾਈ ਦੀ ਖ਼ਬਰ ਫੈਲਦਿਆਂ ਹੀ ‘ਆਪ’ ਵਰਕਰਾਂ ਨੇ ਮੌਕੇ ‘ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਵਿਧਾਇਕਾ ਦੇ ਸਮਰਥਕਾਂ ਨੇ ਲਾਏ ਸਿਆਸੀ ਬਦਲਾਖੋਰੀ ਦੇ ਦੋਸ਼

ਦੂਜੇ ਪਾਸੇ, ਵਿਧਾਇਕਾ ਦੇ ਨਜ਼ਦੀਕੀਆਂ ਅਤੇ ਸਥਾਨਕ ‘ਆਪ’ ਆਗੂਆਂ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕਾ ਉੱਤੇ ਵਿਰੋਧੀ ਧਿਰਾਂ (ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ) ਵਿੱਚ ਸ਼ਾਮਲ ਹੋਣ ਲਈ ਦਬਾਅ ਬਣਾਉਣ ਦੇ ਮਕਸਦ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮੋਗਾ ਹਲਕੇ ਵਿੱਚ ਵਿਰੋਧੀਆਂ ਕੋਲ ਕੋਈ ਮਜ਼ਬੂਤ ਉਮੀਦਵਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਇਕਾ ਦੇ ਇੱਕ ਸਾਬਕਾ ਸਹਿਯੋਗੀ ਵੱਲੋਂ ਵਿੱਤੀ ਬੇਨਿਯਮੀਆਂ ਦੇ ਦੋਸ਼ ਲਾਏ ਗਏ ਸਨ, ਜਿਨ੍ਹਾਂ ਨੂੰ ਵਿਧਾਇਕਾ ਨੇ ਰਾਜਨੀਤਿਕ ਸਾਜ਼ਿਸ਼ ਕਰਾਰ ਦਿੱਤਾ ਸੀ।

ਈਡੀ ਵੱਲੋਂ ਫਿਲਹਾਲ ਮੋਗਾ ਅਤੇ ਜ਼ੀਰਾ ਵਿੱਚ ਕੀਤੀਆਂ ਗਈਆਂ ਇਨ੍ਹਾਂ ਦੋਵਾਂ ਕਾਰਵਾਈਆਂ ਦੇ ਆਪਸੀ ਸਬੰਧਾਂ ਜਾਂ ਖਾਸ ਮਾਮਲਿਆਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Share: