ਜਦੋਂ ਡਾਕੀਏ ਦੇ ਝੋਲੇ ਵਿੱਚ ਹੁੰਦੀ ਸੀ ਆਪਣਿਆਂ ਨਾਲ ਅੱਧੀ ਮੁਲਾਕਾਤ

ਜਦੋਂ ਡਾਕੀਏ ਦੇ ਝੋਲੇ ਵਿੱਚ ਹੁੰਦੀ ਸੀ ਆਪਣਿਆਂ ਨਾਲ ਅੱਧੀ ਮੁਲਾਕਾਤ

ਇੱਕ ਸਮਾਂ ਸੀ ਜਦੋਂ ਕਾਗਜ਼ ਤੇ ਹੱਥ ਲਿਖਿਤ ਚਿੱਠੀ ਕਿਸੇ ਦੂਰ ਵੱਸਦੇ ਆਪਣੇ ਪਿਆਰੇ ਦੀ ਆਵਾਜ਼ ਬਣ ਕੇ ਘਰ ਦੀ ਦਹਿਲੀਜ਼ ਤੱਕ ਪਹੁੰਚਦੀ ਸੀ। ਘਰ-ਘਰ ਚਿੱਠੀਆਂ ਲਿਖਣ ਦਾ ਰਿਵਾਜ ਸੀ। ਸੁੱਖ-ਦੁੱਖ, ਪਰਿਵਾਰਕ ਖ਼ਬਰਾਂ, ਪਿਆਰ, ਵਿਛੋੜੇ ਅਤੇ ਦਿਲ ਦੀਆਂ ਗੱਲਾਂ ਨੂੰ ਸਾਂਝਾ ਕਰਨ ਲਈ ਚਿੱਠੀ ਹੀ ਮੁੱਖ ਸਾਧਨ ਹੁੰਦੀ ਸੀ। ਕਈ ਵਾਰ ਇੱਕ ਚਿੱਠੀ ਦੀ ਉਡੀਕ ਦਿਨਾਂ ਤੋਂ ਮਹੀਨਿਆਂ ਤੱਕ ਹੁੰਦੀ, ਪਰ ਜਦੋਂ ਡਾਕੀਆ ਦਰਵਾਜ਼ੇ ’ਤੇ ਆਉਂਦਾ ਤਾਂ ਉਡੀਕ ਦਾ ਹਰ ਪਲ ਸਫਲ ਹੋ ਜਾਂਦਾ। ਹੱਥ ਨਾਲ ਲਿਖੇ ਅੱਖਰਾਂ ਵਿੱਚ ਸਿਰਫ਼ ਸ਼ਬਦ ਨਹੀਂ, ਸਗੋਂ ਲਿਖਣ ਵਾਲੇ ਦੇ ਜਜ਼ਬਾਤ ਅਤੇ ਆਪਣੇਪਣ ਦਾ ਅਹਿਸਾਸ ਵੀ ਮਹਿਸੂਸ ਹੁੰਦਾ। ਆਧੁਨਿਕ ਡਾਕ ਪ੍ਰਣਾਲੀ ਦੇ ਵਿਕਾਸ ਤੋਂ ਪਹਿਲਾਂ ਇਨ੍ਹਾਂ ਚਿੱਠੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਲਈ ਕਈ ਤਰੀਕੇ ਵਰਤੇ ਜਾਂਦੇ ਸਨ ਅਤੇ ਇਨ੍ਹਾਂ ਵਿੱਚ ਕਬੂਤਰਾਂ ਰਾਹੀਂ ਚਿੱਠੀਆਂ ਭੇਜਣ ਦਾ ਢੰਗ ਬਹੁਤ ਪ੍ਰਚਲਿਤ ਸੀ। ਚਿੱਠੀ ਇੱਕ ਛੋਟੀ ਜਹੀ ਨਲੀ ਵਿੱਚ ਰੱਖ ਕੇ ਕਬੂਤਰ ਦੇ ਪੈਰ ਨਾਲ ਬੰਨ੍ਹ ਦਿੱਤੀ ਜਾਂਦੀ ਅਤੇ ਉਸ ਨੂੰ ਨਿਰਧਾਰਤ ਥਾਂ ਵੱਲ ਉਡਾ ਦਿੱਤਾ ਜਾਂਦਾ। ਆਪਣੀ ਦਿਸ਼ਾ ਅਤੇ ਟਿਕਾਣੇ ਦੀ ਪਛਾਣ ਕਾਰਨ ਕਬੂਤਰ ਚਿੱਠੀਆਂ ਪਹੁੰਚਾਉਣ ਲਈ ਕਈ ਵਾਰ ਯੁੱਧ ਵੇਲੇ ਵੀ ਵਰਤੇ ਜਾਂਦੇ ਸਨ।

ਸਮੇਂ ਦੇ ਬਦਲਾਅ ਨਾਲ ਡਾਕਘਰਾਂ ਨੇ ਸੰਚਾਰ ਦੇ ਇਸ ਸਾਧਨ ਨੂੰ ਇੱਕ ਵਿਵਸਥਿਤ ਰੂਪ ਦਿੱਤਾ। ਵੱਖ-ਵੱਖ ਥਾਵਾਂ ਤੋਂ ਆਉਣ ਵਾਲੀਆਂ ਚਿੱਠੀਆਂ ਨੂੰ ਇਕੱਠਾ ਕਰਕੇ ਪਤੇ ਅਨੁਸਾਰ ਛਾਂਟੀ ਕੀਤਾ ਜਾਂਦਾ ਅਤੇ ਫਿਰ ਪਿੰਡਾਂ ਤੇ ਸ਼ਹਿਰਾਂ ਵੱਲ ਭੇਜਿਆ ਜਾਂਦਾ। ਡਾਕੀਏ ਇਨ੍ਹਾਂ ਚਿੱਠੀਆਂ ਨੂੰ ਘਰ-ਘਰ ਪਹੁੰਚਾਉਂਦੇ ਸਨ। ਖ਼ਾਸ ਕਰਕੇ ਪੇਂਡੂ ਜੀਵਨ ਵਿੱਚ ਡਾਕੀਆ ਇੱਕ ਜਾਣਿਆ-ਪਛਾਣਿਆ ਚਿਹਰਾ ਹੁੰਦਾ ਸੀ। ਜਿਸ ਦੇ ਆਉਣ ਨਾਲ ਕਈ ਘਰਾਂ ਵਿੱਚ ਖੁਸ਼ੀ ਦੀ ਖ਼ਬਰ ਪਹੁੰਚਦੀ ਅਤੇ ਕਈ ਵਾਰ ਦੁੱਖਾਂ ਦਾ ਪਹਾੜ ਵੀ ਟੁੱਟ ਪੈਂਦਾ। ਹਲਦੀ ਜਾਂ ਰੰਗ ਲੱਗੀ ਆਈ ਚਿੱਠੀ ਨੂੰ ਸ਼ਗਨਾਂ ਵਾਲੀ ਅਤੇ ਨੁੱਕਰ ਤੋਂ ਥੋੜ੍ਹੀ ਫਟੀ ਹੋਈ ਚਿੱਠੀ ਨੂੰ ਮਾੜੀ ਖ਼ਬਰ ਵਾਲੀ ਸਮਝਿਆ ਜਾਂਦਾ ਸੀ।
ਚਿੱਠੀਆਂ ਉਪਰ ਲਿਖੇ ਪਤਿਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਵਾਲੀ ਇਸ ਡਾਕ ਪ੍ਰਣਾਲੀ ਨੂੰ ਸਲਾਮ ਕਰਨ ਲਈ ਹਰੇਕ ਸਾਲ 9 ਅਕਤੂਬਰ ਨੂੰ ‘ਵਿਸ਼ਵ ਡਾਕ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਉਹ ਇਸ ਲਈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚਕਾਰ ਡਾਕ ਦੇ ਸੁਚੱਜੇ ਆਦਾਨ-ਪ੍ਰਦਾਨ ਲਈ 9 ਅਕਤੂਬਰ 1874 ਨੂੰ ਸਵਿਟਜ਼ਰਲੈਂਡ ਦੇ ਬਰਨ ਸ਼ਹਿਰ ਵਿੱਚ 22 ਦੇਸ਼ਾਂ ਨੇ ਇੱਕ ਸੰਧੀ ’ਤੇ ਦਸਤਖ਼ਤ ਕੀਤੇ ਸੀ ਅਤੇ ਇਸ ਨਾਲ ਜਨਰਲ ਪੋਸਟਲ ਯੂਨੀਅਨ ਦੀ ਸਥਾਪਨਾ ਦਾ ਰਾਹ ਪੱਧਰਾ ਹੋਇਆ। ਇਹ ਸੰਧੀ 1 ਜੁਲਾਈ 1875 ਨੂੰ ਲਾਗੂ ਹੋਈ ਅਤੇ 1879 ਵਿੱਚ ਜਨਰਲ ਪੋਸਟਲ ਯੂਨੀਅਨ ਦਾ ਨਾਮ ਬਦਲ ਕੇ ਯੂਨੀਵਰਸਲ ਪੋਸਟਲ ਯੂਨੀਅਨ (UPU) ਕਰ  ਦਿੱਤਾ ਗਿਆ।
ਸਾਲ 1969 ਵਿੱਚ ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਹੋਈ ਯੂਨੀਵਰਸਲ ਪੋਸਟਲ ਯੂਨੀਅਨ ਦੀ ਕਾਨਫਰੰਸ ਦੌਰਾਨ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਹਰੇਕ ਸਾਲ ਇਹ ਦਿਨ ਦੁਨੀਆ ਭਰ ਵਿੱਚ ਡਾਕ ਸੇਵਾਵਾਂ ਦੀ ਮਹੱਤਤਾ ਅਤੇ ਲੋਕਾਂ ਨੂੰ ਆਪਸ ਵਿੱਚ ਜੋੜਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਦਿਨ ਭਾਵ 10 ਅਕਤੂਬਰ ਨੂੰ ਭਾਰਤ ਵਲੋਂ ਵੀ ‘ਰਾਸ਼ਟਰੀ ਡਾਕ ਦਿਵਸ’ ਮਨਾਇਆ ਜਾਂਦਾ ਹੈ।
ਭਾਰਤ ਦੀ ਡਾਕ ਪ੍ਰਣਾਲੀ ਦਾ ਇਤਿਹਾਸ ਵੀ ਲੰਮਾ ਅਤੇ ਮਹੱਤਵਪੂਰਨ ਹੈ। ਭਾਰਤੀ ਡਾਕ ਵਿਭਾਗ ਦੀ ਸਥਾਪਨਾ 1 ਅਕਤੂਬਰ 1854 ਨੂੰ ਲਾਰਡ ਡਲਹੌਜ਼ੀ ਦੇ ਸਮੇਂ ਇੱਕ ਵਿਭਾਗ ਵਜੋਂ ਕੀਤੀ ਗਈ। ਬਾਅਦ ਵਿੱਚ 1898 ਵਿੱਚ ਭਾਰਤੀ ਡਾਕਘਰ ਐਕਟ ਲਾਗੂ ਹੋਇਆ, ਜਿਸ ਨਾਲ ਡਾਕ ਸੇਵਾਵਾਂ ਨੂੰ ਇੱਕ ਕਾਨੂੰਨੀ ਅਤੇ ਵਿਵਸਥਿਤ ਢਾਂਚਾ ਮਿਲਿਆ। ਭਾਰਤ 1 ਜੁਲਾਈ 1876 ਨੂੰ ਯੂਨੀਵਰਸਲ ਪੋਸਟਲ ਯੂਨੀਅਨ ਦਾ ਮੈਂਬਰ ਬਣਿਆ ਅਤੇ ਏਸ਼ੀਆ ਦੇ ਉਨ੍ਹਾਂ ਮੁੱਢਲੇ ਦੇਸ਼ਾਂ ਵਿੱਚ ਸ਼ਾਮਲ ਹੋਇਆ, ਜਿਨ੍ਹਾਂ ਨੇ ਇਸ ਅੰਤਰਰਾਸ਼ਟਰੀ ਡਾਕ ਸੰਸਥਾ ਨਾਲ ਸਾਂਝ ਪਾਈ।
ਭਾਰਤ ਨੇ ਆਪਣਾ ਪੋਸਟ ਕਾਰਡ 1869 ਤੋਂ ਲਾਗੂ ਕੀਤਾ,ਜਿਸ ਦੀ ਕੀਮਤ ਤਿੰਨ ਪੈਸੇ ਰੱਖੀ ਗਈ ਅਤੇ ਇਸ ਦੀ ਸ਼ੁਰੂਆਤ ਨੇ ਡਾਕ ਸੇਵਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। 15 ਅਗਸਤ 1972 ਨੂੰ ਪਿੰਨ ਕੋਡ ਪ੍ਰਣਾਲੀ ਲਾਗੂ ਹੋਣ ਨਾਲ ਡਾਕ ਦੀ ਛਾਂਟੀ ਅਤੇ ਵੱਖ-ਵੱਖ ਖੇਤਰਾਂ ਤੱਕ ਇਸ ਦੀ ਪਹੁੰਚ ਹੋਰ ਸੁਚੱਜੀ ਹੋਈ। ਇਸ ਨਾਲ ਦੇਸ਼ ਦੇ ਵਿਸ਼ਾਲ ਭੂਗੋਲਿਕ ਖੇਤਰ ਵਿੱਚ ਡਾਕ ਵੰਡਣ ਦੀ ਪ੍ਰਕਿਰਿਆ ਨੂੰ ਨਵਾਂ ਆਧਾਰ ਮਿਲਿਆ।
ਟਕਨਾਲੋਜੀ ਦੇ ਤੇਜ਼ੀ ਨਾਲ ਹੋਏ ਵਿਕਾਸ ਨੇ ਸੰਚਾਰ ਦੇ ਇਸ ਢੰਗ ਨੂੰ ਵੀ ਬਦਲ ਦਿੱਤਾ। ਈ-ਮੇਲ, ਮੋਬਾਈਲ ਅਤੇ ਹੋਰ ਡਿਜੀਟਲ ਮਾਧਿਅਮ ਨੇ ਸੁਨੇਹੇ ਪਹੁੰਚਾਉਣ ਦੀ ਗਤੀ ਕਈ ਗੁਣਾ ਵਧਾ ਦਿੱਤੀ। ਇਸ ਦੇ ਬਾਵਜੂਦ ਡਾਕਘਰ ਦੀ ਭੂਮਿਕਾ ਸਮਾਪਤ ਨਹੀਂ ਹੋਈ। ਅੱਜ ਡਾਕਘਰਾਂ ਵਿੱਚ ਚਿੱਠੀਆਂ ਅਤੇ ਪਾਰਸਲ ਦੀ ਵੰਡ ਤੋਂ ਇਲਾਵਾ ਸਪੀਡ ਪੋਸਟ, ਰਜਿਸਟਰਡ ਡਾਕ, ਬੈਂਕਿੰਗ, ਬੀਮਾ ਅਤੇ ਵੱਖ-ਵੱਖ ਵਿੱਤੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਦੂਰ-ਦੁਰਾਡੇ, ਪਹਾੜੀ, ਜਨਜਾਤੀ ਅਤੇ ਟਾਪੂ ਖੇਤਰਾਂ ਤੱਕ ਡਾਕ ਸੇਵਾਵਾਂ ਦੀ ਪਹੁੰਚ ਅੱਜ ਵੀ ਮਹੱਤਵਪੂਰਨ ਹੈ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈਕਿ ਭਾਰਤੀ ਡਾਕ ਵਿਭਾਗ ਨੇ ਆਪਣੇ 172 ਸਾਲਾਂ ਦੇ ਮਾਣਮੱਤੇ ਸਫ਼ਰ ਦੌਰਾਨ ਹੁਣ ਤਕ ਇੱਕ ਲੱਖ 64 ਹਜ਼ਾਰ ਤੋਂ ਵੀ ਵੱਧ ਡਾਕ ਘਰਾਂ ਦੀ ਸਥਾਪਨਾ ਕਰਕੇ ਦੁਨੀਆ ਦੀ ਸਭ ਤੋਂ ਵਿਸ਼ਾਲ ਡਾਕ ਪ੍ਰਣਾਲੀ ਦਾ ਰੂਪ ਧਾਰਿਆ ਹੈ।
ਬਦਲਦੇ ਸਮੇਂ ਨਾਲ ਡਾਕੀਏ ਦੇ ਝੋਲੇ ਦੀ ਸਮੱਗਰੀ ਵੀ ਬਦਲੀ ਗਈ। ਪਹਿਲਾਂ ਇਸ ਵਿੱਚ ਮੁੱਖ ਤੌਰ ’ਤੇ ਚਿੱਠੀਆਂ ਹੁੰਦੀਆਂ ਸਨ, ਜਦਕਿ ਅੱਜ ਪਾਰਸਲ, ਦਸਤਾਵੇਜ਼, ਸਪੀਡ ਪੋਸਟ ਅਤੇ ਹੋਰ ਵਪਾਰਕ ਡਾਕ ਸਮੱਗਰੀ ਦੀ ਮਾਤਰਾ ਵਧ ਗਈ ਹੈ। ਵੱਖ-ਵੱਖ ਸਰਕਾਰੀ ਅਤੇ ਵਿੱਤੀ ਦਸਤਾਵੇਜ਼ ਵੀ ਡਾਕ ਰਾਹੀਂ ਲੋਕਾਂ ਤੱਕ ਪਹੁੰਚਦੇ ਹਨ। ਇਸ ਤਰ੍ਹਾਂ ਡਾਕ ਸੇਵਾ ਨੇ ਬਦਲਦੇ ਸੰਚਾਰਕ ਅਤੇ ਸਮਾਜਿਕ ਲੋੜਾਂ ਅਨੁਸਾਰ ਆਪਣੇ ਆਪ ਨੂੰ ਢਾਲਿਆ ਹੈ।
ਲਾਲ ਰੰਗ ਦੇ ਡਾਕ-ਡੱਬੇ, ਡਾਕੀਏ ਦੀ ਸਾਈਕਲ ਅਤੇ ਦਰਵਾਜ਼ੇ ’ਤੇ ਆਉਂਦੇ ਡਾਕੀਏ ਵਲੋਂ ਵਜਾਈ ਘੰਟੀ ਦੀ ਉਡੀਕ ਅੱਜ ਭਾਵੇਂ ਪੁਰਾਣੇ ਸਮੇਂ ਦੀਆਂ ਯਾਦਾਂ ਜਾਪਦੀਆਂ ਹਨ, ਪਰ ਚਿੱਠੀਆਂ ਨਾਲ ਜੁੜੀ ਭਾਵਨਾਤਮਕ ਦੁਨੀਆ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਵਸੀ ਹੋਈ ਹੈ। ਡਿਜੀਟਲ ਯੁੱਗ ਨੇ ਸੁਨੇਹਿਆਂ ਨੂੰ ਭਾਵੇਂ ਪਲਾਂ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਦਿੱਤਾ ਹੈ, ਪਰ ਹੱਥ ਨਾਲ ਲਿਖੀ ਚਿੱਠੀ ਦਾ ਆਪਣਾ ਹੀ ਵੱਖਰਾ ਮਹੱਤਵ ਸੀ।
ਇਸ ਲਈ ਵਿਸ਼ਵ ਡਾਕ ਦਿਵਸ ਸਿਰਫ਼ ਡਾਕ ਪ੍ਰਣਾਲੀ ਦੇ ਇਤਿਹਾਸ ਅਤੇ ਵਿਕਾਸ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਸੰਚਾਰ ਦੇ ਉਸ ਦੌਰ ਨੂੰ ਸਲਾਮ ਕਰਨ ਦਾ ਦਿਨ ਵੀ ਹੈ, ਜਦੋਂ ਇੱਕ ਚਿੱਠੀ ਦੂਰ ਬੈਠੇ ਕਿਸੇ ਆਪਣੇ ਪਿਆਰੇ ਨੂੰ ਨੇੜੇ ਹੋਣ ਦਾ ਅਹਿਸਾਸ ਕਰਵਾ ਅੱਧੀ ਮੁਲਾਕਾਤ ਵਜੋਂ ਮੰਨੀ ਜਾਂਦੀ ਸੀ। ਸਮਾਂ ਬਦਲਿਆ, ਸਾਧਨ ਬਦਲੇ, ਪਰ ਲੋਕਾਂ ਨੂੰ ਜੋੜਨ ਦਾ ਡਾਕ ਦਾ ਮੂਲ ਉਦੇਸ਼ ਅੱਜ ਵੀ ਕਾਇਮ ਹੈ।
Share: