ਵੀਏਨਾ : ਦੱਖਣੀ ਜਾਰਜੀਆ ਦੇ ਵੀਏਨਾ (Vienna) ਸ਼ਹਿਰ ਵਿੱਚ ‘ਹੋਮਕਮਿੰਗ ਬਲੌਕ ਪਾਰਟੀ’ ਦੌਰਾਨ ਹੋਈ ਅੰਧਾਧੁੰਦ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਲਗਪਗ ਤਿੰਨ ਦਰਜਨ (36) ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਐਤਵਾਰ ਤੜਕੇ ਚਾਰ ਬਲਾਕਾਂ ਵਿੱਚ ਫੈਲੇ ਇੱਕ ਜਸ਼ਨ ਦੌਰਾਨ ਵਾਪਰਿਆ। ਡੂਲੀ ਕਾਊਂਟੀ (Dooly County) ਦੇ ਸ਼ੈਰਿਫ਼ ਕ੍ਰੇਗ ਪੀਵੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਜੈਕਿਵਿਅਨ ਜੈਕਸਨ (21) ਅਤੇ ਮੈਕਾਲੇਬ ਜੈਕਸਨ (23) ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਉਮਰ 14 ਤੋਂ 51 ਸਾਲ ਦੇ ਵਿਚਕਾਰ ਹੈ, ਜਿਨ੍ਹਾਂ ਨੂੰ ਨੇੜਲੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਕ੍ਰਿਸ ਹੋਸੀ ਨੇ ਦੱਸਿਆ ਕਿ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ, ਇਹ ਪਾਰਟੀ ਡੂਲੀ ਕਾਊਂਟੀ ਹਾਈ ਸਕੂਲ ਦੀ ਫੁੱਟਬਾਲ ਟੀਮ ਦੀ ਜਿੱਤ ਦੀ ਖ਼ੁਸ਼ੀ ਵਿੱਚ ਰੱਖੀ ਗਈ ਸੀ, ਜਿਸ ਵਿੱਚ 1,000 ਤੋਂ ਵੱਧ ਲੋਕ ਸ਼ਾਮਲ ਸਨ। ਸ਼ੈਰਿਫ਼ ਪੀਵੀ ਨੇ ਦੱਸਿਆ ਕਿ ਦੋ ਵੱਖ-ਵੱਖ ਥਾਵਾਂ ’ਤੇ 50 ਤੋਂ ਵੱਧ ਰੌਂਦ ਗੋਲੀਆਂ ਚੱਲੀਆਂ। ਚਸ਼ਮਦੀਦਾਂ ਅਨੁਸਾਰ ਮਸ਼ੀਨ ਗੰਨ ਵਾਂਗ ਲਗਾਤਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ, ਜਿਸ ਤੋਂ ਬਾਅਦ ਮੌਕੇ ’ਤੇ ਭਗਦੜ ਮਚ ਗਈ। ਡੂਲੀ ਕਾਊਂਟੀ ਸਕੂਲ ਸਿਸਟਮ ਦੇ ਸੁਪਰਡੈਂਟ ਸ਼ੇਰੋਡ ਵਿਲਾਫ਼ੋਰਡ ਨੇ ਸਪੱਸ਼ਟ ਕੀਤਾ ਕਿ ਇਹ ਸਮਾਗਮ ਸਕੂਲ ਵੱਲੋਂ ਆਯੋਜਿਤ ਨਹੀਂ ਕੀਤਾ ਗਿਆ ਸੀ, ਪਰ ਵਿਦਿਆਰਥੀਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਫ਼ਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Posted inUnited States
America: ਜਾਰਜੀਆ ’ਚ ਪਾਰਟੀ ਦੌਰਾਨ ਅੰਧਾਧੁੰਦ ਗੋਲੀਬਾਰੀ: 2 ਦੀ ਮੌਤ, 36 ਜ਼ਖ਼ਮੀ

