ਕਾਕਾਮਿਗਾਹਾਰਾ : ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਏਸ਼ਿਆਈ ਖੇਡਾਂ ਦੇ ਪੂਲ ਬੀ ਦੇ ਆਪਣੇ ਆਖਰੀ ਮੈਚ ਵਿੱਚ ਸਿੰਗਾਪੁਰ ਨੂੰ 7-0 ਨਾਲ ਹਰਾ ਦਿੱਤਾ। ਇਸ ਵੱਡੀ ਜਿੱਤ ਦੇ ਨਾਲ ਹੀ ਭਾਰਤ ਨੇ 30 ਸਤੰਬਰ ਨੂੰ ਖੇਡੇ ਜਾਣ ਵਾਲੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਕੋਰੀਆ ਦੀ ਟੀਮ ਨਾਲ ਹੋਵੇਗਾ। ਭਾਰਤੀ ਟੀਮ ਨੇ ਆਪਣੇ ਪੂਲ ਦੇ ਪੰਜੇ ਮੈਚ ਜਿੱਤ ਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਮੈਚ ਦੌਰਾਨ ਭਾਰਤ ਵੱਲੋਂ ਸੁਨੇਲਿਤਾ ਟੋਪੋ ਨੇ 22ਵੇਂ ਅਤੇ 24ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਇਸ ਤੋਂ ਇਲਾਵਾ ਕਪਤਾਨ ਸਲੀਮਾ ਟੇਟੇ, ਲਾਲਰੇਮਸਿਆਮੀ, ਰੁਤੁਜਾ ਪਿਸਾਲ, ਨਿੱਕੀ ਪ੍ਰਧਾਨ ਅਤੇ ਦੀਪਿਕਾ ਨੇ ਇੱਕ-ਇੱਕ ਗੋਲ ਦਾਗਿਆ। ਭਾਵੇਂ ਭਾਰਤੀ ਟੀਮ ਨੇ ਮੈਚ ’ਤੇ ਪੂਰਾ ਦਬਦਬਾ ਬਣਾਈ ਰੱਖਿਆ ਪਰ ਸਿੰਗਾਪੁਰ ਨੇ ਪਹਿਲੇ ਕੁਆਰਟਰ ਵਿੱਚ ਸ਼ਾਨਦਾਰ ਬਚਾਅ ਕਰਦਿਆਂ ਭਾਰਤ ਨੂੰ ਅੱਠ ਪੈਨਲਟੀ ਕਾਰਨਰਾਂ ’ਤੇ ਕੋਈ ਗੋਲ ਨਾ ਕਰਨ ਦਿੱਤਾ। ਦੂਜੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਕਪਤਾਨ ਸਲੀਮਾ ਨੇ ਫੀਲਡ ਗੋਲ ਕਰ ਕੇ ਭਾਰਤ ਦਾ ਖਾਤਾ ਖੋਲ੍ਹਿਆ। ਇਸ ਮਗਰੋਂ ਭਾਰਤੀ ਖਿਡਾਰਨਾਂ ਨੇ ਲਗਾਤਾਰ ਹਮਲੇ ਕਰਦਿਆਂ ਅੱਧੇ ਸਮੇਂ ਤੱਕ ਸਕੋਰ 5-0 ਕਰ ਦਿੱਤਾ। ਹਾਲਾਂਕਿ ਇਸ ਮੈਚ ਵਿੱਚ ਭਾਰਤੀ ਟੀਮ ਪੈਨਲਟੀ ਕਾਰਨਰਾਂ ਦਾ ਲਾਹਾ ਲੈਣ ਵਿੱਚ ਕਾਫ਼ੀ ਕਮਜ਼ੋਰ ਨਜ਼ਰ ਆਈ। ਅੰਕੜਿਆਂ ਮੁਤਾਬਕ ਭਾਰਤ ਨੂੰ ਪਹਿਲੇ ਤਿੰਨ ਕੁਆਰਟਰਾਂ ਵਿੱਚ 24 ਪੈਨਲਟੀ ਕਾਰਨਰ ਮਿਲੇ ਸਨ, ਪਰ ਟੀਮ ਇਨ੍ਹਾਂ ’ਚੋਂ ਸਿਰਫ਼ ਤਿੰਨ ਨੂੰ ਹੀ ਗੋਲ ਵਿੱਚ ਬਦਲ ਸਕੀ। ਮੈਚ ਦੇ ਆਖਰੀ ਪਲਾਂ ਵਿੱਚ ਦੀਪਿਕਾ ਨੇ ਸ਼ਾਨਦਾਰ ਗੋਲ ਕਰ ਕੇ ਸਕੋਰ 7-0 ਕਰ ਦਿੱਤਾ। ਇਸੇ ਦੌਰਾਨ ਟੂਰਨਾਮੈਂਟ ਦੇ ਦੂਜੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਚੀਨ ਦਾ ਮੁਕਾਬਲਾ ਮੇਜ਼ਬਾਨ ਜਾਪਾਨ ਨਾਲ ਹੋਵੇਗਾ।
ਸਿੰਗਾਪੁਰ ਨੂੰ ਹਰਾ ਕੇ ਭਾਰਤੀ ਮਹਿਲਾ Hockey ਟੀਮ Semi Final ਵਿੱਚ ਪਹੁੰਚੀ

