ਨਾਗੋਆ : ਏਸ਼ਿਆਈ ਖੇਡਾਂ ਵਿੱਚ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਭਾਰਤ ਦੀ ਝੋਲੀ ਪਾਏ ਹਨ। ਐਤਵਾਰ ਨੂੰ ਹੋਏ ਮੁਕਾਬਲਿਆਂ ਵਿੱਚ ਸਰਵੇਸ਼ ਕੁਸ਼ਾਰੇ ਨੇ ਉੱਚੀ ਛਾਲ ਅਤੇ ਐਂਸੀ ਸੋਜਨ ਨੇ ਲੰਮੀ ਛਾਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸੇ ਤਰ੍ਹਾਂ ਪਾਰੁਲ ਚੌਧਰੀ ਨੇ ਮਹਿਲਾ 3000 ਮੀਟਰ ਸਟੀਪਲਚੇਜ ਅਤੇ ਤੇਜਸਵਿਨ ਸ਼ੰਕਰ ਨੇ ਪੁਰਸ਼ਾਂ ਦੇ ਡੈਕਾਥਲਾਨ ਵਿੱਚ ਕਾਂਸੀ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।
ਪੁਰਸ਼ਾਂ ਦੀ ਉੱਚੀ ਛਾਲ ਦੇ ਫਾਈਨਲ ਵਿੱਚ ਸਰਵੇਸ਼ ਜ਼ਿਆਦਾਤਰ ਸਮਾਂ ਸਿਖਰ ’ਤੇ ਰਿਹਾ, ਪਰ 2.25 ਮੀਟਰ ਦੀ ਉਚਾਈ ਨੂੰ ਆਪਣੀ ਪਹਿਲੀ ਕੋਸ਼ਿਸ਼ ਵਿੱਚ ਪਾਰ ਕਰਨ ਤੋਂ ਖੁੰਝ ਗਿਆ। ਇਸ ਦਾ ਫ਼ਾਇਦਾ ਚੀਨੀ ਤੈਪਈ ਦੇ ਚਾਓ ਸੁਆਨ-ਫੂ ਨੂੰ ਮਿਲਿਆ ਜਿਸ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਉਚਾਈ ਪਾਰ ਕਰ ਲਈ। ਸਰਵੇਸ਼ ਨੇ ਭਾਵੇਂ ਦੂਜੀ ਕੋਸ਼ਿਸ਼ ਵਿੱਚ ਇਹ ਉਚਾਈ ਹਾਸਲ ਕਰ ਲਈ, ਪਰ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਔਰਤਾਂ ਦੀ ਲੰਮੀ ਛਾਲ ਵਿੱਚ ਐਂਸੀ ਸੋਜਨ ਨੇ 6.53 ਮੀਟਰ ਦੀ ਛਾਲ ਲਾ ਕੇ ਦੂਜਾ ਸਥਾਨ ਹਾਸਲ ਕੀਤਾ; ਚੀਨ ਦੀ ਹੁਆਂਗ ਯਿੰਗਯਿੰਗ ਨੇ 6.55 ਮੀਟਰ ਦੀ ਛਾਲ ਨਾਲ ਸੋਨ ਤਗ਼ਮਾ ਜਿੱਤਿਆ। ਇਸੇ ਮੁਕਾਬਲੇ ਵਿੱਚ ਭਾਰਤ ਦੀ ਸ਼ੈਲੀ ਸਿੰਘ ਕਾਂਸੇ ਦੇ ਤਗ਼ਮੇ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਈ। ਉਸ ਸਰਬੋਤਮ ਛਾਲ 6.42 ਮੀਟਰ ਰਹੀ ਜਦਕਿ ਚੀਨ ਦੀ ਮੇਂਗਯੀ ਤਾਨ ਨੇ 6.46 ਮੀਟਰ ਦੀ ਛਾਲ ਮਾਰ ਕੇ ਤੀਜਾ ਸਥਾਨ ਮੱਲ ਲਿਆ। ਇਸੇ ਦੌਰਾਨ ਮਹਿਲਾ 3000 ਮੀਟਰ ਸਟੀਪਲਚੇਜ ਵਿੱਚ ਪਾਰੁਲ ਚੌਧਰੀ ਨੇ 9:08.67 ਦਾ ਸਰਬੋਤਮ ਨਿੱਜੀ ਸਮਾਂ ਕੱਢ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਹ ਉਸ ਦਾ ਲਗਾਤਾਰ ਦੂਜਾ ਕਾਂਸੇ ਦਾ ਤਗ਼ਮਾ ਹੈ। ਇਸ ਮੁਕਾਬਲੇ ਵਿੱਚ ਬਹਿਰੀਨ ਦੀ ਵਿਨਫਰੈੱਡ ਯਾਵੀ ਨੇ 9:04.36 ਦੇ ਸਮੇਂ ਨਾਲ ਸੋਨੇ ਅਤੇ ਕਜ਼ਾਖ਼ਸਤਾਨ ਦੀ ਨੋਰਾਹ ਜੇਰੂਟੋ ਤਾਨੂਈ ਨੇ 9:06.82 ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਦੀ ਇੱਕ ਹੋਰ ਐਥਲੀਟ ਅੰਕਿਤਾ 9:19.24 ਦੇ ਨਿੱਜੀ ਸਰਬੋਤਮ ਸਮੇਂ ਨਾਲ ਚੌਥੇ ਸਥਾਨ ’ਤੇ ਰਹੀ।
ਇਸ ਤੋਂ ਇਲਾਵਾ ਭਾਰਤ ਦੇ ਸਟਾਰ ਐਥਲੀਟ ਤੇਜਸਵਿਨ ਸ਼ੰਕਰ ਨੇ ਡੇਕਾਥਲਨ ਵਿੱਚ 7,934 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਕੌਮੀ ਰਿਕਾਰਡ ਧਾਰਕ ਸ਼ੰਕਰ ਨੇ ਦੋ ਦਿਨਾਂ ਵਿੱਚ ਹੋਏ ਕੁੱਲ 10 ਈਵੈਂਟਸ ’ਚੋਂ ਆਖਰੀ ਅਤੇ ਸਭ ਤੋਂ ਔਖੇ 1500 ਮੀਟਰ ਈਵੈਂਟ ਨੂੰ 4:33.09 ਮਿੰਟ ਵਿੱਚ ਪੂਰਾ ਕਰ ਕੇ ਇਹ ਤਗ਼ਮਾ ਆਪਣੇ ਨਾਂ ਕੀਤਾ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਪੰਜ ਮੁਕਾਬਲਿਆਂ ਮਗਰੋਂ ਉਹ 4,338 ਅੰਕਾਂ ਨਾਲ ਸਿਖਰ ’ਤੇ ਚੱਲ ਰਿਹਾ ਸੀ।
ਹਰਿਤਾ ਨੇ 200 ਮੀਟਰ ਦੌੜ ’ਚ ਕਾਂਸੇ ਦਾ ਤਗ਼ਮਾ ਜਿੱਤਿਆ
ਨਾਗੋਆ: ਭਾਰਤ ਦੀ ਹਰੀਤਾ ਭਦਰਾ ਨੇ ਏਸ਼ਿਆਈ ਖੇਡਾਂ ਦੀ ਮਹਿਲਾ 200 ਮੀਟਰ ਦੌੜ ਵਿੱਚ 23.20 ਸੈਕਿੰਡ ਦਾ ਸਮਾਂ ਕੱਢ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਜਪਾਨ ਦੀ ਇਡੋ ਅਬੀਗੇਇਰੂਫੂਕਾ (23.21 ਸੈਕਿੰਡ) ਨੂੰ ਬਹੁਤ ਮਾਮੂਲੀ ਫ਼ਰਕ ਨਾਲ ਪਛਾੜਿਆ। ਇਸ ਦੌੜ ਵਿੱਚ ਸਿੰਗਾਪੁਰ ਦੀ ਸ਼ਾਂਤੀ ਪਰੇਰਾ ਨੇ 22.78 ਸੈਕਿੰਡ ਦੇ ਸਮੇਂ ਨਾਲ ਸੋਨੇ ਦਾ ਤਗ਼ਮਾ ਜਿੱਤਿਆ; ਚੀਨ ਦੀ ਚੇਨ ਯੂਜੀ (22.93 ਸੈਕਿੰਡ) ਨੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਫਾਈਨਲ ਵਿੱਚ ਦੌੜਨ ਵਾਲੀ ਇੱਕ ਹੋਰ ਭਾਰਤੀ ਐਥਲੀਟ ਉੱਨਤੀ ਅਯੱਪਾ ਬੋਲੈਂਡ 23.48 ਸੈਕਿੰਡ ਦੇ ਸਮੇਂ ਨਾਲ ਛੇਵੇਂ ਸਥਾਨ ’ਤੇ ਰਹੀ।
