ਨਾਗੋਆ : ਪੀ ਵੀ ਸਿੰਧੂ ਅਤੇ ਉੱਨਤੀ ਹੁੱਡਾ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਬਹਾਦਰੀ ਨਾਲ ਸੰਘਰਸ਼ ਕੀਤਾ ਪਰ ਉਹ ਆਪੋ-ਆਪਣੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਹਾਰ ਗਈਆਂ, ਜਿਸ ਕਾਰਨ ਭਾਰਤੀ ਸ਼ਟਲਰ ਕੋਈ ਤਗ਼ਮਾ ਜਿੱਤਣ ਵਿੱਚ ਅਸਫਲ ਰਹੀਆਂ। ਹਾਂਗਜ਼ੂ ਵਿੱਚ ਹੋਈਆਂ ਪਿਛਲੀਆਂ ਏਸ਼ਿਆਈ ਖੇਡਾਂ ’ਚ ਭਾਰਤ ਨੇ ਤਿੰਨ ਤਗ਼ਮੇ ਜਿੱਤੇ ਸਨ, ਜਿਸ ਵਿੱਚ ਪੁਰਸ਼ ਟੀਮ ਨੇ ਚਾਂਦੀ ਦਾ ਤਗ਼ਮਾ, ਸਾਤਵਿਕਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈੱਟੀ ਨੇ ਡਬਲਜ਼ ਵਿੱਚ ਸੋਨ ਤਗ਼ਮਾ ਅਤੇ ਐੱਚ ਐੱਸ ਪ੍ਰਣਯ ਨੇ ਪੁਰਸ਼ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ; ਹਾਲਾਂਕਿ ਤਿੰਨ ਸਾਲ ਬਾਅਦ ਭਾਵੇਂ ਪੁਰਸ਼ ਟੀਮ ਨੇ ਇੱਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਪਰ ਕੋਈ ਵੀ ਸ਼ਟਲਰ ਵੱਖ-ਵੱਖ ਵਰਗਾਂ ਦੇ ਸੈਮੀ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ, ਜਿਸ ਨਾਲ ਤਗ਼ਮਾ ਪੱਕਾ ਹੋ ਸਕਦਾ ਸੀ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਜਿਸ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣਾ ਤੀਜਾ ਮੈਚ ਖੇਡਣਾ ਪਿਆ, ਟੋਕੀਓ ਓਲੰਪਿਕ ਚੈਂਪੀਅਨ ਚੇਨ ਯੂ ਫੇਈ ਤੋਂ 21-11, 18-21, 10-21 ਨਾਲ ਹਾਰ ਗਈ। ਮੈਚ ਤੋਂ ਬਾਅਦ ਸਿੰਧੂ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਨੂੰ ਦੂਜੇ ਸੈੱਟ ਵਿੱਚ ਹੀ ਮੈਚ ਖ਼ਤਮ ਕਰ ਦੇਣਾ ਚਾਹੀਦਾ ਸੀ ਪਰ ਮੈਂ ਅਜਿਹਾ ਨਹੀਂ ਕਰ ਸਕੀ। ਕੁੱਲ ਮਿਲਾ ਕੇ ਇਹ ਕੋਈ ਆਸਾਨ ਖੇਡ ਨਹੀਂ ਸੀ ਅਤੇ ਨਾ ਹੀ ਮੈਨੂੰ ਆਸਾਨ ਅੰਕ ਮਿਲਣੇ ਸਨ।’’ ਇੱਕ ਹੋਰ ਕੁਆਰਟਰ ਫਾਈਨਲ ਵਿੱਚ 19 ਸਾਲਾ ਉੱਨਤੀ ਹੁੱਡਾ ਵੀ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਅਕਾਨੇ ਯਾਮਾਗੁਚੀ ਤੋਂ 16-21, 21-14, 17-21 ਨਾਲ ਹਾਰ ਗਈ। ਇਸ ਤੋਂ ਪਹਿਲਾਂ, ਟ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਜਿਨ੍ਹਾਂ ਨੇ ਪਿਛਲੇ ਮਹੀਨੇ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਮਹਿਲਾ ਡਬਲਜ਼ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਦੀ ਵਿਸ਼ਵ ਦੀ 5ਵੇਂ ਨੰਬਰ ਦੀ ਜੋੜੀ ਪੀਰਲੀ ਤਾਨ ਅਤੇ ਥਿਨਾਹ ਮੁਰਲੀਧਰਨ ਤੋਂ 18-21, 9-21 ਨਾਲ ਹਾਰ ਗਈਆਂ। ਨਾਲ ਵਾਲੇ ਕੋਰਟ ’ਤੇ, ਮਿਕਸਡ ਡਬਲਜ਼ ਜੋੜੀ ਧਰੁਵ ਕਪਿਲਾ ਅਤੇ ਤਨੀਸ਼ਾ ਕ੍ਰਾਸਟੋ ਨੇ ਜ਼ਬਰਦਸਤ ਟੱਕਰ ਦਿੱਤੀ ਪਰ ਇੱਕ ਹੋਰ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ ਨੰਬਰ 1 ਚੀਨ ਦੀ ਜੋੜੀ ਫੇਂਗ ਯਾਨ ਜ਼ੇ ਅਤੇ ਹੁਆਂਗ ਡੋਂਗਪਿੰਗ ਤੋਂ 14-21, 21-18, 18-21 ਨਾਲ ਹਾਰ ਗਈ।
Asian Games: ਸਿੰਧੂ ਤੇ ਉੱਨਤੀ ਕੁਆਰਟਰ ਫਾਈਨਲ ’ਚ ਹਾਰੀਆਂ

