ਨਾਗੋਆ : ਜੈ ਮੀਣਾ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਸਿੰਗਲਜ਼ ਸੈਮੀ ਫਾਈਨਲ ਵਿੱਚ ਜਪਾਨ ਦੇ ਤਾਕੁਆ ਕੁਰੋਸਾਕਾ ਤੋਂ ਹਾਰਨ ਤੋਂ ਬਾਅਦ ਕਾਂਸੀ ਦਾ ਤਗ਼ਮਾ ਜਿੱਤ ਕੇ ਸੌਫਟ ਟੈਨਿਸ ਵਿੱਚ ਭਾਰਤ ਲਈ ਏਸ਼ਿਆਈ ਖੇਡਾਂ ਦਾ ਪਹਿਲਾ ਤਗ਼ਮਾ ਹਾਸਲ ਕੀਤਾ। ਆਪਣੀਆਂ ਤੀਜੀਆਂ ਏਸ਼ਿਆਈ ਖੇਡਾਂ ਖੇਡ ਰਹੇ 26 ਸਾਲਾ ਜੈ ਨੇ ਤਿੰਨ ਗੇਮਾਂ ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ, ਪਰ ਉਹ ਇਸ ਰਫ਼ਤਾਰ ਨੂੰ ਬਰਕਰਾਰ ਨਹੀਂ ਰੱਖ ਸਕੇ ਅਤੇ 45 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਕੁਰੋਸਾਕਾ ਤੋਂ 2-4 (3-5, 1-4, 1-4, 4-1, 6-4, 1-4) ਨਾਲ ਹਾਰ ਗਏ।
ਜੈ ਨੇ ਕਿਹਾ, ‘‘ਇਹ ਮੇਰੇ ਲਈ ਓਲੰਪਿਕ ਤਗ਼ਮੇ ਵਰਗਾ ਹੈ।’’ ਦੱਸਣਯੋਗ ਹੈ ਕਿ ਜੈ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਿਕਸਡ ਡਬਲਜ਼ ਦਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਦੱਖਣੀ ਕੋਰੀਆ ਵਿੱਚ 2024 ਦੀਆਂ ਏਸ਼ਿਆਈ ਚੈਂਪੀਅਨਸ਼ਿਪਾਂ ਵਿੱਚ ਵੀ ਪੁਰਸ਼ ਸਿੰਗਲਜ਼ ਦਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ ਪਿਛਲੀਆਂ ਦੋ ਏਸ਼ੀਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਹਾਂਗਜ਼ੂ 2023 ਵਿੱਚ ਮੇਜ਼ਬਾਨ ਚੀਨ ਦੇ ਖਿਡਾਰੀ ਤੋਂ ਹਾਰਨ ਕਾਰਨ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਏ ਸਨ। ਉਨ੍ਹਾਂ ਕਿਹਾ, ‘‘ਮੈਂ ਜਾਣਦਾ ਹਾਂ ਕਿ ਇਸ ਪੱਧਰ ’ਤੇ ਤਗ਼ਮਾ ਜਿੱਤਣ ਲਈ ਕਿੰਨੀ ਮਿਹਨਤ ਦੀ ਲੋੜ ਹੁੰਦੀ ਹੈ। ਸਿਰਫ਼ ਇੱਕ ਖਿਡਾਰੀ, ਕੋਚ ਅਤੇ ਉਨ੍ਹਾਂ ਦੀ ਟੀਮ ਹੀ ਜਾਣਦੀ ਹੈ ਕਿ ਅਸੀਂ ਕਿੰਨਾ ਸੰਘਰਸ਼ ਅਤੇ ਦਰਦ ਸਹਿੰਦੇ ਹਾਂ। ਇਹ ਅਸਲ ਵਿੱਚ ਬਹੁਤ ਔਖਾ ਅਤੇ ਤਣਾਅਪੂਰਨ ਹੈ। ਤੁਹਾਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਕਾਫ਼ੀ ਮਜ਼ਬੂਤ ਹੋਣਾ ਪੈਂਦਾ ਹੈ।’’ ਮੱਧ ਪ੍ਰਦੇਸ਼ ਦੇ ਦੇਵਾਸ ਨਾਲ ਸਬੰਧਤ ਅਤੇ 2022 ਦੇ ਰਾਸ਼ਟਰੀ ਖੇਡਾਂ ਦੇ ਸੋਨ ਤਗ਼ਮਾ ਜੇਤੂ ਜੈ ਨੂੰ ਸ਼ੁਰੂ ਵਿੱਚ ਆਪਣੀ ਲੈਅ ਲੱਭਣ ਵਿੱਚ ਮੁਸ਼ਕਲ ਆਈ। ਜਪਾਨੀ ਖਿਡਾਰੀ ਨੇ ਤੀਜੀ ਗੇਮ 4-1 ਨਾਲ ਜਿੱਤ ਕੇ ਆਪਣੀ ਲੀਡ ਨੂੰ ਹੋਰ ਅੱਗੇ ਵਧਾਇਆ। ਜੈ ਨੇ ਚੌਥੀ ਗੇਮ 4-1 ਨਾਲ ਜਿੱਤ ਕੇ ਜਵਾਬ ਦਿੱਤਾ ਅਤੇ ਫਿਰ ਪੰਜਵੀਂ ਸੰਘਰਸ਼ਪੂਰਨ ਗੇਮ 6-4 ਨਾਲ ਆਪਣੇ ਨਾਮ ਕਰ ਕੇ ਫ਼ਰਕ ਨੂੰ ਘਟਾਇਆ।

