ਮੀਰਾਬਾਈ ਚਾਨੂ ਨੇ ਚਾਂਦੀ ਜਿੱਤ ਕੇ 12 ਸਾਲ ਦੀ ਉਡੀਕ ਮੁਕਾਈ

ਮੀਰਾਬਾਈ ਚਾਨੂ ਨੇ ਚਾਂਦੀ ਜਿੱਤ ਕੇ 12 ਸਾਲ ਦੀ ਉਡੀਕ ਮੁਕਾਈ

ਨਾਗੋਆ : ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੂੰ 12 ਸਾਲਾਂ ਤੋਂ ਇਸ ਤਗ਼ਮੇ ਦੀ ਉਡੀਕ ਸੀ। ਟੋਕੀਓ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਚਾਨੂ ਨੇ ਕੁੱਲ 198 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ 1998 ਵਿੱਚ ਕਰਨਮ ਮਲੇਸ਼ਵਰੀ ਦੇ ਚਾਂਦੀ ਦੇ ਤਗ਼ਮੇ ਤੋਂ ਬਾਅਦ ਪਹਿਲੀ ਵਾਰ ਭਾਰਤ ਲਈ ਏਸ਼ਿਆਈ ਖੇਡਾਂ ਦਾ ਵੇਟਲਿਫਟਿੰਗ ਤਗ਼ਮਾ ਜਿੱਤਿਆ ਹੈ।

ਮੁਕਾਬਲੇ ਤੋਂ ਬਾਅਦ ਚਾਨੂ ਨੇ ਕਿਹਾ, ‘‘ਏਸ਼ਿਆਈ ਖੇਡਾਂ ਦਾ ਤਗ਼ਮਾ ਜਿੱਤਣਾ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ 2014 ਦੀਆਂ 19ਵੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਪਿਛਲੇ 12 ਸਾਲਾਂ ਤੋਂ ਇਸ ਤਗ਼ਮੇ ਦੇ ਪਿੱਛੇ ਭੱਜ ਰਹੀ ਸਾਂ।’’ ਮੁਕਾਬਲੇ ਵਿੱਚ ਦੋ ਵਾਰ ਦੀ ਆਲਮੀ ਚੈਂਪੀਅਨ ਉੱਤਰੀ ਕੋਰੀਆ ਦੀ ਰੀ ਸੋਂਗ ਗੁਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 215 ਕਿਲੋਗ੍ਰਾਮ ਭਾਰ ਚੁੱਕ ਕੇ ਏਸ਼ਿਆਈ ਖੇਡਾਂ ਦੇ ਖ਼ਿਤਾਬਾਂ ਦੀ ਹੈਟ੍ਰਿਕ ਪੂਰੀ ਕੀਤੀ। ਰੀ ਨੇ ਸੋਨ ਤਗ਼ਮੇ ਵੱਲ ਵਧਦਿਆਂ ਸਨੈਚ, ਕਲੀਨ ਐਂਡ ਜਰਕ ਤੇ ਕੁੱਲ ਭਾਰ ਵਿੱਚ ਵਿਸ਼ਵ ਰਿਕਾਰਡ ਤੋੜ ਦਿੱਤੇ, ਜਦਕਿ ਇੰਡੋਨੇਸ਼ੀਆ ਦੀ ਵੇਟਲਿਫਟਰ ਨੇ 191 ਕਿਲੋਗ੍ਰਾਮ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਚਾਨੂ ਉਲੰਪਿਕ ਖੇਡਾਂ ’ਚ ਚਾਂਦੀ ਦਾ ਤਗ਼ਮਾ, ਤਿੰਨ ਵਿਸ਼ਵ ਚੈਂਪੀਅਨਸ਼ਿਪ ਤਗ਼ਮੇ, ਕਈ ਰਾਸ਼ਟਰਮੰਡਲ ਤਗ਼ਮੇ ਤੇ ਹੋਰ ਖ਼ਿਤਾਬ ਜਿੱਤ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਨੂ ਨੂੰ ਉਸ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ, ‘‘ਉਸ ਦੀ ਦ੍ਰਿੜ੍ਹਤਾ ਤੇ ਨਿਰੰਤਰਤਾ ਮੁਲਕ ਨੂੰ ਪ੍ਰੇਰਿਤ ਕਰਦੀ ਰਹੇਗੀ। ਭਾਰਤ ਨੂੰ ਉਸ ’ਤੇ ਮਾਣ ਹੈ।’’

Share: