ਨਾਗੋਆ : ਸ਼ਾਨਦਾਰ ਲੈਅ ਵਿੱਚ ਚੱਲ ਰਹੀ ਡਰੈਗ-ਫਲਿੱਕਰ ਦੀਪਿਕਾ ਸਹਿਰਾਵਤ ਵੱਲੋਂ ਇੱਕੋ ਮੈਚ ਵਿੱਚ ਕੀਤੇ ਰਿਕਾਰਡ ਨੌਂ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਮਹਿਲਾ ਹਾਕੀ ਮੁਕਾਬਲੇ ਦੇ ਪੂਲ ਬੀ ਦੇ ਮੈਚ ਵਿੱਚ ਥਾਈਲੈਂਡ ਨੂੰ 20-1 ਨਾਲ ਕਰਾਰੀ ਹਾਰ ਦਿੱਤੀ ਹੈ। ਭਾਰਤੀ ਟੀਮ ਦੀ ਪੂਲ ਬੀ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ।
ਦੀਪਿਕਾ (ਦੂਜਾ, 8ਵਾਂ, 9ਵਾਂ, 24ਵਾਂ, 33ਵਾਂ, 36ਵਾਂ, 39ਵਾਂ, 51ਵਾਂ ਅਤੇ 57ਵਾਂ ਮਿੰਟ) ਨੂੰ ਪੈਨਲਟੀ ਕਾਰਨਰ ’ਤੇ ਰੋਕਣਾ ਥਾਈਲੈਂਡ ਲਈ ਲਗਪਗ ਅਸੰਭਵ ਹੋ ਗਿਆ। ਉਸ ਨੇ ਸਾਰੇ ਨੌਂ ਮੌਕਿਆਂ ਨੂੰ ਗੋਲ ਵਿੱਚ ਬਦਲਿਆ; ਨਵਨੀਤ ਕੌਰ (ਚੌਥਾ, 29ਵਾਂ, 35ਵਾਂ ਅਤੇ 51ਵਾਂ ਮਿੰਟ) ਨੇ ਵੀ ਇਸ ਇਕਪਾਸੜ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਿਖਾਈ। ਰਿਤੁਜਾ ਦਾਦਾਸੋ ਪਿਸਾਲ (10ਵਾਂ, 11ਵਾਂ ਤੇ 47ਵਾਂ ਮਿੰਟ) ਨੇ ਹੈਟ੍ਰਿਕ ਪੂਰੀ ਕੀਤੀ। ਨੇਹਾ ਗੋਇਲ (19ਵਾਂ ਮਿੰਟ), ਲਾਲਰੇਮਸਿਆਮੀ (26ਵਾਂ), ਸਾਕਸ਼ੀ ਰਾਣਾ (29ਵਾਂ) ਅਤੇ ਕਪਤਾਨ ਸਲੀਮਾ ਟੇਟੇ (45ਵਾਂ) ਨੇ ਵੀ ਗੋਲ ਕਰ ਕੇ ਭਾਰਤ ਦੀ ਲੀਡ ਨੂੰ ਹੋਰ ਮਜ਼ਬੂਤ ਕੀਤਾ। ਥਾਈਲੈਂਡ ਵੱਲੋਂ ਪੈਨਲਟੀ ਕਾਰਨਰ ਰਾਹੀਂ ਇੱਕੋ-ਇੱਕ ਗੋਲ ਸੁਪਾਂਸਾ ਸਮਾਂਸੋ (57ਵਾਂ ਮਿੰਟ) ਨੇ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਸ਼ੁੱਕਰਵਾਰ ਨੂੰ ਮੇਜ਼ਬਾਨ ਜਪਾਨ ਨਾਲ ਹੋਵੇਗਾ। ਭਾਰਤ ਤਿੰਨਾਂ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਪੂਲ ਬੀ ਵਿੱਚ ਜਪਾਨ ਤੋਂ ਅੱਗੇ ਚੱਲ ਰਿਹਾ ਹੈ। 12 ਟੀਮਾਂ ਦੇ ਇਸ ਮੁਕਾਬਲੇ ਵਿੱਚ ਹਰੇਕ ਪੂਲ ਦੀਆਂ ਚੋਟੀ ਦੀਆਂ ਟੀਮਾਂ ਸੈਮੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਥਾਈਲੈਂਡ ਦੀ ਰੱਖਿਆ ਕਤਾਰ ਨੂੰ ਵਖ਼ਤ ਪਾਈ ਰੱਖਿਆ। ਭਾਰਤ ਨੇ ਇਸ ਤੋਂ ਪਹਿਲਾਂ ਉਜ਼ਬੇਕਿਸਤਾਨ ਅਤੇ ਇੰਡੋਨੇਸ਼ੀਆ ਨੂੰ 19-0 ਅਤੇ 17-1 ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਦੀਪਿਕਾ, ਜਿਸ ਨੇ ਇਸ ਮੈਚ ਤੋਂ ਪਹਿਲਾਂ 11 ਗੋਲ ਕੀਤੇ ਸਨ (ਉਜ਼ਬੇਕਿਸਤਾਨ ਵਿਰੁੱਧ ਅੱਠ ਅਤੇ ਇੰਡੋਨੇਸ਼ੀਆ ਵਿਰੁੱਧ ਤਿੰਨ), ਨੇ ਪਹਿਲਾਂ ਭਾਰਤ ਦਾ ਖਾਤਾ ਖੋਲ੍ਹਿਆ ਜਿਸ ਤੋਂ ਬਾਅਦ ਨਵਨੀਤ ਨੇ ਫ਼ਰਕ ਨੂੰ ਦੁੱਗਣਾ ਕਰ ਦਿੱਤਾ।

