ਪਾਰਕ ’ਚ ਨਾਬਾਲਗ ਨਾਲ ਜਬਰ-ਜਨਾਹ: ਨਕਲੀ ਪੁਲੀਸ ਵਾਲੇ ਬਣ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਪਾਰਕ ’ਚ ਨਾਬਾਲਗ ਨਾਲ ਜਬਰ-ਜਨਾਹ: ਨਕਲੀ ਪੁਲੀਸ ਵਾਲੇ ਬਣ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨਵੀਂ ਦਿੱਲੀ : ਦੱਖਣ-ਪੂਰਬੀ ਦਿੱਲੀ ਦੇ ਕਾਲਕਾਜੀ ਮੰਦਰ ਨੇੜੇ ਸਥਿਤ ਆਸਥਾ ਕੁੰਜ ਪਾਰਕ ਵਿੱਚ ਇੱਕ 17 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਆਪਸ ਵਿੱਚ ਮਿਲੇ ਤਿੰਨ ਮੁਲਜ਼ਮਾਂ ਨੇ ਖ਼ੁਦ ਨੂੰ ਪੁਲੀਸ ਕਰਮਚਾਰੀ ਦੱਸ ਕੇ ਲੜਕੀ ਨੂੰ ਉਸ ਦੇ ਦੋਸਤ ਤੋਂ ਵੱਖ ਕੀਤਾ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਲਈ ਵਿਛਾਏ ਜਾਲ ਦੌਰਾਨ ਹੋਈ ਮੁੱਠਭੇੜ ਵਿੱਚ ਪੁਲੀਸਦੀ ਗੋਲੀ ਲੱਗਣ ਨਾਲ ਇੱਕ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਸੋਮਵਾਰ ਰਾਤ ਲਗਭਗ 8:45 ਵਜੇ ਘਟਨਾ ਸਬੰਧੀ ਪੀ.ਸੀ.ਆਰ. ਕਾਲ ਮਿਲੀ ਸੀ। ਸੂਚਨਾ ਮਿਲਦੇ ਹੀ ਥਾਣਾ ਅਮਰ ਕਾਲੋਨੀ ਦੇ ਐੱਸ.ਐੱਚ.ਓ. ਪੁਲੀਸਫੋਰਸ ਸਮੇਤ ਆਸਥਾ ਕੁੰਜ ਪਾਰਕ ਪਹੁੰਚੇ, ਜਿੱਥੇ ਪੀੜਤਾ ਆਪਣੇ ਦੋਸਤ ਨਾਲ ਮਿਲੀ। ਲੜਕੀ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਕਾਲਕਾਜੀ ਮੰਦਰ ’ਚ ਦਰਸ਼ਨ ਕਰਨ ਤੋਂ ਬਾਅਦ ਗੇਟ ਨੰਬਰ 7 ਰਾਹੀਂ ਪਾਰਕ ’ਚ ਗਈ ਸੀ। ਉੱਥੇ ਪੁਲੀਸ ਵਾਲੇ ਬਣ ਕੇ ਆਏ ਤਿੰਨ ਪੁਰਸ਼ਾਂ ਨੇ ਉਸ ਦੇ ਦੋਸਤ ਨੂੰ ਵੱਖ ਕਰ ਦਿੱਤਾ ਅਤੇ ਲੜਕੀ ਨੂੰ ਇੱਕ ਸੁਨਸਾਨ ਜਗ੍ਹਾ ’ਤੇ ਲੈ ਗਏ। ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਆਸਿਫ਼ ਵਜੋਂ ਹੋਈ ਹੈ, ਜਿਸ ਨੇ ਲੜਕੀ ਨੂੰ ਹਥਿਆਰ ਦਿਖਾ ਕੇ ਡਰਾਇਆ-ਧਮਕਾਇਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ। ਇਸ ਤੋਂ ਬਾਅਦ ਬਾਕੀ ਦੋਵਾਂ ਮੁਲਜ਼ਮਾਂ ਨੇ ਵੀ ਨਾਬਾਲਗ ਨਾਲ ਜਬਰ-ਜਨਾਹ ਕੀਤਾ ਅਤੇ ਦੋਵਾਂ ਦੋਸਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਲੜਕੀ ਦੀ ਐੱਮ.ਆਈ.ਆਈ.ਐੱਮ.ਐੱਸ. (AIIMS) ਹਸਪਤਾਲ ਵਿੱਚ ਡਾਕਟਰੀ ਜਾਂਚ ਕਰਵਾਈ ਗਈ ਹੈ, ਜਦਕਿ ਕ੍ਰਾਈਮ ਅਤੇ ਐੱਫ.ਐੱਸ.ਐੱਲ. (FSL) ਟੀਮ ਨੇ ਘਟਨਾ ਸਥਾਨ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ।

ਅਮਰ ਕਾਲੋਨੀ ਥਾਣੇ ਵਿੱਚ ਭਾਰਤੀ ਨਿਆਇ ਸੰਹਿਤਾ (BNS) ਦੀਆਂ ਧਾਰਾਵਾਂ 70(2), 61(2), 115(2), 351(3) ਅਤੇ ਪੋਕਸੋ (POCSO) ਐਕਟ ਦੀਆਂ ਧਾਰਾਵਾਂ 6 ਅਤੇ 17 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਖਣ-ਪੂਰਬੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਇੰਚਾਰਜ ਇੰਸਪੈਕਟਰ ਰਾਜੇਂਦਰ ਡਾਗਰ ਦੀ ਅਗਵਾਈ ਹੇਠ ਗਠਿਤ ਟੀਮ ਨੂੰ ਅਮਰ ਕਾਲੋਨੀ ਦੇ ਡੀ.ਐੱਮ. ਦਫ਼ਤਰ ਰੋਡ ਨੇੜੇ ਮੁਲਜ਼ਮ ਆਸਿਫ਼ ਦੀ ਮੌਜੂਦਗੀ ਦੀ ਖ਼ੁਫ਼ੀਆ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਲਾਕੇ ’ਚ ਘੇਰਾਬੰਦੀ ਕੀਤੀ ਗਈ।

ਪੁਲੀਸ ਵੱਲੋਂ ਰੋਕੇ ਜਾਣ ’ਤੇ ਮੁਲਜ਼ਮ ਨੇ ਪੁਲੀਸ ਟੀਮ ’ਤੇ ਤਿੰਨ ਫਾਇਰ ਕਰ ਦਿੱਤੇ। ਸਮਰਪਣ ਕਰਨ ਦੀ ਚਿਤਾਵਨੀ ਦੇਣ ਦੇ ਬਾਵਜੂਦ ਉਹ ਲਗਾਤਾਰ ਫਾਇਰਿੰਗ ਕਰਦਾ ਰਿਹਾ, ਜਿਸ ਦੌਰਾਨ ਇੱਕ ਗੋਲੀ ਹੈੱਡ ਕਾਂਸਟੇਬਲ ਰਾਜੇਸ਼ ਦੀ ਬੁਲੇਟਪਰੂਫ ਜੈਕਟ ’ਤੇ ਲੱਗੀ। ਪੁਲੀਸਨੇ ਆਤਮ-ਰੱਖਿਆ ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਗੋਲੀ ਆਸਿਫ਼ ਦੀ ਸੱਜੀ ਲੱਤ ਵਿੱਚ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਏਮਜ਼ ਟਰੋਮਾ ਸੈਂਟਰ ’ਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

Share: