ਡੇਰਾ ਬਾਬਾ ਨਾਨਕ : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸਿੱਖਾਂ ਦੇ ਜਥੇ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕਰਨ ਵਾਸਤੇ ਜ਼ੀਰੋ ਲਾਈਨ ਵੱਲ ਜਾਣ ਤੋਂ ਬੀਐਸਐਫ ਦੇ ਜਵਾਨਾਂ ਨੇ ਰੋਕ ਦਿੱਤਾ।
ਜ਼ਿਕਰਯੋਗ ਹੈ ਕਿ ਗੜਗੱਜ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵਾਂ ਪਾਸਿਆਂ ਦੀਆਂ ਸਿੱਖ ਸੰਗਤ ਵੱਲੋਂ ਕਰਤਾਰਪੁਰ ਲਾਂਘੇ ਨੂੰ ਜਲਦੀ ਖੋਲ੍ਹਣ ਲਈ ਕਰਵਾਏ ਗਏ ਸਾਂਝੇ ਅਰਦਾਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਡੇਰਾ ਬਾਬਾ ਨਾਨਕ ਪਹੁੰਚੇ ਸਨ। ਇਹ ਸਮਾਗਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ‘ਤੇ ਕੀਤਾ ਗਿਆ ਸੀ। ਜਥੇਦਾਰ ਗੜਗੱਜ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਇੱਕ ਨਗਰ ਕੀਰਤਨ ਕੱਢਿਆ ਗਿਆ। ਭਾਰਤੀ ਪਾਸੇ ਵੀ ਸਿੱਖ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਇਕੱਠੇ ਹੋਏ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਜੱਥੇ ਵਜੋਂ ਜ਼ੀਰੋ ਲਾਈਨ ਵੱਲ ਰਵਾਨਾ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਕਿ ਸਿੱਖਾਂ ਨੂੰ ਜ਼ੀਰੋ ਲਾਈਨ ‘ਤੇ ਜਾ ਕੇ ਅਰਦਾਸ ਕਰਨ ਤੋਂ ਰੋਕਣਾ ਬੀਐਸਐਫ ਲਈ ਉਚਿਤ ਨਹੀਂ ਸੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਕਰਤਾਰਪੁਰ ਲਾਂਘਾ ਤੁਰੰਤ ਖੋਲ੍ਹਣਾ ਚਾਹੀਦਾ ਹੈ। ਕਰਤਾਰਪੁਰ ਲਾਂਘਾ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।
ਜ਼ੀਰੋ ਲਾਈਨ ‘ਤੇ ਅਰਦਾਸ ਕਰਨ ਲਈ ਚੱਲ ਰਹੀ ਸੀ ਗੱਲਬਾਤ
ਜਥੇਦਾਰ ਗੜਗੱਜ ਦੀ ਜ਼ੀਰੋ ਲਾਈਨ ਫੇਰੀ ਦੇ ਮੁੱਦੇ ’ਤੇ ਸਵੇਰ ਤੋਂ ਹੀ ਹਰਿਮੰਦਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਅਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਰਣਜੀਤ ਸਿੰਘ ਰਾਹੀਂ ਬੀਐਸਐਫ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਸੀ। ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਗੜਗੱਜ, ਕੁਝ ਸਿੱਖ ਸ਼ਰਧਾਲੂਆਂ ਨਾਲ ਜ਼ੀਰੋ ਲਾਈਨ ‘ਤੇ ਅਰਦਾਸ ਕਰਨਗੇ। ਜਦੋਂ ਸਿੱਖ ਜੱਥਾ ਜ਼ੀਰੋ ਲਾਈਨ ਦੇ ਨੇੜੇ ਪਹੁੰਚਿਆ ਤਾਂ ਬੀਐਸਐਫ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਜੇਕਰ ਉਹ ਅਰਦਾਸ ਕਰਨਾ ਚਾਹੁੰਦੇ ਹਨ ਤਾਂ ਉਹ ਨੇੜਲੇ ਗੁਰਦੁਆਰੇ ਵਿੱਚ ਕਰ ਸਕਦੇ ਹਨ। ਗੜਗੱਜ ਨੇ ਬੀਐਸਐਫ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸਲਾਹ ਕਰਨ ਅਤੇ ਪੰਜ ਸਿੱਖਾਂ ਦੇ ਇੱਕ ਸਮੂਹ ਨੂੰ ਜ਼ੀਰੋ ਲਾਈਨ ਵੱਲ ਜਾਣ ਦੀ ਆਗਿਆ ਦੇਣ ਲਈ ਕਿਹਾ ਤਾਂ ਜੋ ਨਗਰ ਕੀਰਤਨ ਵਿੱਚ ਹਿੱਸਾ ਲੈ ਰਹੀ ਪਾਕਿਸਤਾਨੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦਾ ‘ਰੁਮਾਲਾ ਸਾਹਿਬ’ ਅਤੇ ‘ਪੰਜ ਪਿਆਰਿਆਂ’ ਲਈ ‘ਸਿਰਪਾਓ’ ਸੌਂਪੇ ਜਾ ਸਕਣ ਜਿਸ ਦੀ ਆਗਿਆ ਨਹੀਂ ਦਿੱਤੀ ਗਈ।
ਬੀ ਐਸ ਐਫ ਵੱਲੋਂ ਰੋਕਣ ’ਤੇ ਸੰਗਤ ਜ਼ਮੀਨ ’ਤੇ ਬੈਠੀ
ਇਸ ਤੋਂ ਬਾਅਦ ਸੰਗਤ ਬੀਐਸਐਫ ਬੈਰੀਕੇਡ ਦੇ ਸਾਹਮਣੇ ਜ਼ਮੀਨ ‘ਤੇ ਬੈਠ ਗਈ। ਫਿਰ ‘ਰਹਿਰਾਸ ਸਾਹਿਬ’ (ਸ਼ਾਮ ਦੀ ਅਰਦਾਸ) ਦਾ ਪਾਠ ਕੀਤਾ ਗਿਆ, ਜਿਸ ਤੋਂ ਬਾਅਦ ਲਾਂਘਾ ਮੁੜ ਖੋਲ੍ਹਣ ਅਤੇ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਲਈ ‘ਸ਼ਬਦ ਕੀਰਤਨ’ ਅਤੇ ‘ਅਰਦਾਸ’ ਕੀਤੀ ਗਈ। ਗੜਗੱਜ ਨੇ ਕਿਹਾ ਕਿ ਸਿੱਖ ਹਰ ਰੋਜ਼ ਸਾਰਿਆਂ ਦੀ ਭਲਾਈ ਲਈ ਅਰਦਾਸ ਕਰਦੇ ਹਨ ਅਤੇ ਸੋਮਵਾਰ ਨੂੰ ਕੀਤੀ ਗਈ ਅਰਦਾਸ ਵੀ ਕਰਤਾਰਪੁਰ ਲਾਂਘੇ ਨੂੰ ਤੁਰੰਤ ਖੋਲ੍ਹਣ, ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਅਤੇ ਪੰਜਾਬ ਰਾਹੀਂ ਸਰਹੱਦ ਪਾਰ ਵਪਾਰ ਨੂੰ ਖੋਲ੍ਹਣ ਲਈ ਸੀ। ਉਨ੍ਹਾਂ ਐਲਾਨ ਕੀਤਾ ਕਿ ਉਹ ਕਰਤਾਰਪੁਰ ਲਾਂਘੇ ਨੂੰ ਜਲਦ ਖੋਲ੍ਹਣ ਲਈ ਅਰਦਾਸ ਕਰਨ ਵਾਸਤੇ ਸਿੱਖ ਸੰਗਤ ਦੇ ਨਾਲ ਹਰ ਮਹੀਨੇ ਡੇਰਾ ਬਾਬਾ ਨਾਨਕ ਆਉਣਗੇ।

