ਨਾਗੋਆ : ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਤਿੰਨ ਤਗ਼ਮੇ ਆਪਣੇ ਨਾਂ ਕੀਤੇ। ਵਿਅਕਤੀਗਤ ਮੁਕਾਬਲੇ ਵਿੱਚ ਨੌਜਵਾਨ ਨਿਸ਼ਾਨੇਬਾਜ਼ ਹਿਮਾਂਸ਼ੂ ਢਿੱਲੋਂ ਨੇ ਚਾਂਦੀ ਅਤੇ ਰੁਦਰਾਕਸ਼ ਪਾਟਿਲ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਨੇ 18 ਸਾਲਾ ਪਾਰਥ ਮਾਨੇ ਨਾਲ ਮਿਲ ਕੇ ਟੀਮ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਭਾਰਤ ਦੇ ਨਿਸ਼ਾਨੇਬਾਜ਼ੀ ਵਿੱਚ ਹੁਣ ਕੁੱਲ ਪੰਜ ਤਗ਼ਮੇ ਹੋ ਗਏ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਸ ਪ੍ਰਾਪਤੀ ਨੇ ਤਗ਼ਮੇ ਜਿੱਤਣ ਵਾਲੇ ਨਿਸ਼ਾਨੇਬਾਜ਼ਾਂ ਨੂੰ ਵਧਾਈ ਦਿੱਤੀ ਹੈ।
ਵਿਅਕਤੀਗਤ ਫਾਈਨਲ ਵਿੱਚ ਚੀਨ ਦੇ ਪੈਰਿਸ ਓਲੰਪਿਕ ਚੈਂਪੀਅਨ ਸ਼ੇਂਗ ਲਿਹਾਓ ਨੇ 254.2 ਅੰਕਾਂ ਦੇ ਨਵੇਂ ਏਸ਼ਿਆਈ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਅੱਜ ਆਪਣਾ 21ਵਾਂ ਜਨਮ ਦਿਨ ਮਨਾ ਰਹੇ ਹਿਮਾਂਸ਼ੂ ਨੇ 252.4 ਅੰਕਾਂ ਨਾਲ ਚਾਂਦੀ ਅਤੇ ਸਾਬਕਾ ਵਿਸ਼ਵ ਚੈਂਪੀਅਨ ਰੁਦਰਾਕਸ਼ ਨੇ 230.9 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਸ਼ੁਰੂਆਤੀ ਗੇੜਾਂ ਵਿੱਚ ਰੁਦਰਾਕਸ਼ ਚੀਨੀ ਖਿਡਾਰੀ ਤੋਂ ਅੱਗੇ ਸੀ, ਪਰ ਐਲੀਮੀਨੇਸ਼ਨ ਰਾਊਂਡ ਵਿੱਚ ਉਸ ਦਾ ਇੱਕ ਨਿਸ਼ਾਨਾ 9.7 ’ਤੇ ਲੱਗਣ ਕਾਰਨ ਹਿਮਾਂਸ਼ੂ (10.6 ਅੰਕ) ਉਸ ਤੋਂ ਅੱਗੇ ਨਿਕਲ ਗਿਆ ਅਤੇ ਅੰਤ ਵਿੱਚ ਰੁਦਰਾਕਸ਼ ਨੂੰ ਕਾਂਸੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਟੀਮ ਮੁਕਾਬਲੇ ਵਿੱਚ ਚੀਨ ਦੀ ਟੀਮ ਨੇ 1899.0 ਅੰਕਾਂ ਨਾਲ ਆਪਣਾ ਹੀ ਪੁਰਾਣਾ ਵਿਸ਼ਵ ਰਿਕਾਰਡ (1898.4) ਤੋੜਦਿਆਂ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਨੇ 1890.1 ਅੰਕਾਂ ਨਾਲ ਚਾਂਦੀ ਅਤੇ ਦੱਖਣੀ ਕੋਰੀਆ ਨੇ 1884.2 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਟੀਮ ਵੱਲੋਂ ਕੁਆਲੀਫੀਕੇਸ਼ਨ ਵਿੱਚ ਰੁਦਰਾਕਸ਼ ਨੇ 631.8, ਹਿਮਾਂਸ਼ੂ ਨੇ 630.0 ਅਤੇ ਪਾਰਥ ਮਾਨੇ ਨੇ 628.3 ਅੰਕ ਹਾਸਲ ਕੀਤੇ।

