ਕਾਕਾਮਿਗਾਹਾਰਾ : ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਪੂਲ ਬੀ ਦੇ ਦੂਜੇ ਮੈਚ ਵਿੱਚ ਇੰਡੋਨੇਸ਼ੀਆ ਨੂੰ 17-1 ਨਾਲ ਕਰਾਰੀ ਮਾਤ ਦਿੱਤੀ ਹੈ। ਭਾਰਤ ਵੱਲੋਂ ਦੀਪਿਕਾ ਸਹਿਰਾਵਤ, ਰਿਤੂਜਾ ਦਾਦਾਸੋ ਪਿਸਲ ਅਤੇ ਨਵਨੀਤ ਕੌਰ ਨੇ ਹੈਟ੍ਰਿਕਾਂ ਲਾ ਕੇ ਟੀਮ ਦੀ ਵੱਡੀ ਜਿੱਤ ਪੱਕੀ ਕੀਤੀ। ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਖ਼ਿਲਾਫ਼ 8 ਗੋਲ ਦਾਗਣ ਵਾਲੀ ਦੀਪਿਕਾ ਨੇ ਇਸ ਮੈਚ ਵਿੱਚ ਤਿੰਨ ਪੈਨਲਟੀ ਕਾਰਨਰਾਂ (8ਵੇਂ, 28ਵੇਂ ਅਤੇ 40ਵੇਂ ਮਿੰਟ) ਨੂੰ ਗੋਲਾਂ ਵਿੱਚ ਬਦਲਿਆ। ਰਿਤੂਜਾ (15ਵੇਂ, 20ਵੇਂ, 38ਵੇਂ ਮਿੰਟ) ਅਤੇ ਨਵਨੀਤ (35ਵੇਂ, 56ਵੇਂ, 57ਵੇਂ ਮਿੰਟ) ਨੇ ਵੀ ਤਿੰਨ-ਤਿੰਨ ਫੀਲਡ ਗੋਲ ਕੀਤੇ। ਇਸ ਤੋਂ ਇਲਾਵਾ ਸੁਨੇਲਿਤਾ ਟੋਪੋ (11ਵੇਂ, 30ਵੇਂ ਮਿੰਟ), ਲਾਲਰੇਮਸਿਆਮੀ (12ਵੇਂ, 16ਵੇਂ ਮਿੰਟ) ਅਤੇ ਸਾਕਸ਼ੀ ਰਾਣਾ (25ਵੇਂ, 57ਵੇਂ ਮਿੰਟ) ਨੇ ਦੋ-ਦੋ ਗੋਲ ਦਾਗੇ। ਕਪਤਾਨ ਸਲੀਮਾ ਟੇਟੇ (35ਵੇਂ ਮਿੰਟ) ਅਤੇ ਇਸ਼ਿਕਾ ਚੌਧਰੀ (36ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਇੰਡੋਨੇਸ਼ੀਆ ਵੱਲੋਂ ਇਕਲੌਤਾ ਗੋਲ ਇਨੇਸ ਅਦਿੱਤਿਆ ਨੇ 32ਵੇਂ ਮਿੰਟ ਵਿੱਚ ਕੀਤਾ। ਭਾਰਤ ਨੇ ਸ਼ੁਰੂਆਤ ਤੋਂ ਹੀ ਮੈਚ ’ਤੇ ਪੂਰਾ ਦਬਦਬਾ ਬਣਾਈ ਰੱਖਿਆ ਅਤੇ ਅੱਧੇ ਸਮੇਂ ਤੱਕ 9-0 ਦੀ ਲੀਡ ਹਾਸਲ ਕਰ ਲਈ ਸੀ। ਦੂਜੇ ਅੱਧ ’ਚ ਵੀ ਭਾਰਤੀ ਟੀਮ ਨੇ ਇੰਡੋਨੇਸ਼ੀਆ ਦੇ ਕਮਜ਼ੋਰ ਡਿਫੈਂਸ ਨੂੰ ਆਸਾਨੀ ਨਾਲ ਤੋੜਦਿਆਂ ਲਗਾਤਾਰ ਗੋਲ ਕੀਤੇ। ਭਾਰਤ ਦਾ ਅਗਲਾ ਮੈਚ ਬੁੱਧਵਾਰ ਨੂੰ ਥਾਈਲੈਂਡ ਨਾਲ ਹੋਵੇਗਾ।
ਸਵਿਤਾ ਨੇ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਦਾ ਰਿਕਾਰਡ ਬਣਾਇਆ

