ਸਿਡਨੀ : ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Anthony Albanese) ਨੇ ਨਿਊਯਾਰਕ ਵਿੱਚ ਆਸਟਰੇਲੀਆ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗ਼ੈਰ-ਸਥਾਈ ਮੈਂਬਰਸ਼ਿਪ ਲਈ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਟਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਵਿੱਚ ਸੀਟ ਮਿਲਣ ਨਾਲ ਉਹ ਵਿਸ਼ਵ ਪੱਧਰ ’ਤੇ ਜੰਗਾਂ, ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਨਕਲੀ ਬੁੱਧੀ) ਵਰਗੇ ਮੁੱਦਿਆਂ ’ਤੇ ਵਧੇਰੇ ਪ੍ਰਭਾਵ ਪਾ ਸਕੇਗਾ। ਅਲਬਾਨੀਜ਼ ਨੇ ਖ਼ਾਸ ਤੌਰ ’ਤੇ ਅਮਰੀਕਾ ਅਤੇ ਚੀਨ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਾਰੇ ਸਾਂਝੇ ਕੌਮਾਂਤਰੀ ਨਿਯਮ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਤੇਜ਼ ਵਿਕਾਸ ਦੇ ਨਾਲ ਮਨੁੱਖੀ ਨਿਯੰਤਰਣ ਅਤੇ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਹੈ। ਆਸਟਰੇਲੀਆ ਅਗਲੇ ਸਾਲ ਨਕਲੀ ਬੁੱਧੀ ਲਈ ਆਪਣੇ ਕਾਨੂੰਨੀ ਢਾਂਚੇ ਨੂੰ ਵੀ ਅੱਗੇ ਵਧਾਉਣ ਦੀ ਯੋਜਨਾ ਰੱਖਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸੁਰੱਖਿਆ ਕੌਂਸਲ ਦੀਆਂ ਦੋ ਸੀਟਾਂ ਲਈ ਆਸਟਰੇਲੀਆ ਅਤੇ ਫ਼ਿਨਲੈਂਡ ਉਮੀਦਵਾਰ ਹਨ। ਸਾਲ 2028 ਵਿੱਚ ਹੋਣ ਵਾਲੀ ਗੁਪਤ ਵੋਟਿੰਗ ਵਿੱਚ ਜਿੱਤ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਦੋ-ਤਿਹਾਈ ਸਮਰਥਨ ਦੀ ਲੋੜ ਹੋਵੇਗੀ।
Posted inAustralia
AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ, Australia ਦੀ ਵੱਡੀ ਪਹਿਲ

