Punjab Police Attacks: ਸੁਭਾਨਪੁਰ ਦੇ ਐੱਸਐੱਚਓ ’ਤੇ ਬੱਸ ਅੱਡੇ ’ਤੇ ਹਮਲਾ; ਪੁਲੀਸ ਮੁਲਾਜ਼ਮਾਂ ’ਤੇ ਹਮਲੇ ਵਧੇ

Punjab Police Attacks: ਸੁਭਾਨਪੁਰ ਦੇ ਐੱਸਐੱਚਓ ’ਤੇ ਬੱਸ ਅੱਡੇ ’ਤੇ ਹਮਲਾ; ਪੁਲੀਸ ਮੁਲਾਜ਼ਮਾਂ ’ਤੇ ਹਮਲੇ ਵਧੇ

ਜਲੰਧਰ (ਮਨੀਸ਼ ਰਿਹਾਨ) :  ਸੁਭਾਨਪੁਰ ਦੇ ਐੱਸਐੱਚਓ ਅਮਨਦੀਪ ਸਿੰਘ ਉਸ ਸਮੇਂ ਗੰਭੀਰ ਜ਼ਖ਼ਮੀ ਹੋ ਗਏ ਜਦੋਂ ਪੁਲੀਸ ਚੌਕੀ ਨੇੜੇ ਸਥਿਤ ਬੱਸ ਅੱਡੇ ’ਤੇ ਹੰਗਾਮਾ ਕਰ ਰਹੇ ਕੁਝ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੇ ਐੱਸਐੱਚਓ ’ਤੇ ਹਮਲਾ ਕਰ ਦਿੱਤਾ। ਪੁਲੀਸ ਮੁਤਾਬਕ ਐੱਸਐੱਚਓ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਅਤੇ ਉਨ੍ਹਾਂ ਨੂੰ ਛੇ-ਸੱਤ ਟਾਂਕੇ ਲਗਾਉਣੇ ਪਏ। ਕਪੂਰਥਲਾ ਪੁਲੀਸ ਨੇ ਐੱਸਐੱਚਓ ’ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਲਤਾਨਪੁਰ ਲੋਧੀ ਦੇ ਪਿੰਡ ਦਾਦਵਿੰਡੀ ਵਾਸੀ ਕਰਨਦੀਪ ਸਿੰਘ ਅਤੇ ਭੁਲੱਥ ਦੇ ਪਿੰਡ ਖੱਸਣ ਵਾਸੀ ਆਰੀਆ ਵਜੋਂ ਹੋਈ ਹੈ।

ਮੁਲਜ਼ਮਾਂ ਖ਼ਿਲਾਫ਼ ਸੁਭਾਨਪੁਰ ਥਾਣੇ ਵਿੱਚ ਬੀਐੱਨਐੱਸ ਦੀ ਧਾਰਾ 109 ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਐੱਸਐੱਚਓ ਹੁਣ ਸਿਹਤਯਾਬ ਹੋ ਗਏ ਹਨ ਅਤੇ ਕੁਝ ਦਿਨ ਇਲਾਜ ਅਧੀਨ ਰਹਿਣ ਮਗਰੋਂ ਮੁੜ ਡਿਊਟੀ ’ਤੇ ਪਰਤ ਆਏ ਹਨ। ਇਹ ਘਟਨਾ ਇੱਕ ਹਫ਼ਤਾ ਪਹਿਲਾਂ ਵਾਪਰੀ ਸੀ।

ਇਸੇ ਤਰ੍ਹਾਂ ਜਲੰਧਰ ਵਿੱਚ ਬੀਤੀ ਰਾਤ ਜੰਡਿਆਲਾ ਪੁਲੀਸ ਚੌਕੀ ਅਧੀਨ ਨਾਕੇ ’ਤੇ ਰੁਟੀਨ ਜਾਂਚ ਦੌਰਾਨ ਇੱਕ ਐੱਸਯੂਵੀ (ਸਕੌਰਪੀਓ) ਸਵਾਰ ਵਿਅਕਤੀ ਨੇ ਕਥਿਤ ਤੌਰ ’ਤੇ ਪੁਲੀਸ ਮੁਲਾਜ਼ਮਾਂ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।

ਸੁਭਾਨਪੁਰ, ਕਪੂਰਥਲਾ ਵਿੱਚ ਵਾਪਰੀ ਘਟਨਾ ਵਿੱਚ ਐੱਸਐੱਚਓ ਨੇ 13 ਸਤੰਬਰ ਨੂੰ ਸੁਭਾਨਪੁਰ ਥਾਣੇ ਦੇ ਸਾਹਮਣੇ ਬੱਸ ਅੱਡੇ ’ਤੇ ਕੁਝ ਵਿਅਕਤੀਆਂ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਦਿਆਂ ਦੇਖਿਆ। ਉਨ੍ਹਾਂ ਨੇ ਇੱਕ ਵਾਹਨ ਦੇ ਉੱਪਰ ਸ਼ਰਾਬ ਦੀਆਂ ਬੋਤਲਾਂ ਆਦਿ ਰੱਖੀਆਂ ਹੋਈਆਂ ਸਨ ਅਤੇ ਬੱਸ ਅੱਡੇ ’ਤੇ ਉਸ ਥਾਂ ’ਤੇ ਹੀ ਸ਼ਰਾਬ ਦੇ ਨਸ਼ੇ ਵਿੱਚ ਹੰਗਾਮਾ ਕਰ ਰਹੇ ਸਨ ਜਿੱਥੇ ਯਾਤਰੀ ਬੱਸਾਂ ਵਿੱਚ ਚੜ੍ਹਦੇ ਅਤੇ ਉਤਰਦੇ ਹਨ।

ਪੁਲੀਸ ਨੇ ਦੱਸਿਆ ਕਿ ਜਦੋਂ ਸੁਭਾਨਪੁਰ ਦੇ ਐੱਸਐੱਚਓ ਨੇ ਉਨ੍ਹਾਂ ਕੋਲ ਜਾ ਕੇ ਜਨਤਕ ਥਾਂ ’ਤੇ ਹੰਗਾਮਾ ਨਾ ਕਰਨ ਲਈ ਕਿਹਾ ਤਾਂ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਵਿਅਕਤੀ ਨੇ ਲੋਹੇ ਦਾ ਕੜਾ ਐੱਸਐੱਚਓ ਦੇ ਸਿਰ ’ਤੇ ਮਾਰ ਦਿੱਤਾ।

ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ, “ਅੱਡੇ ’ਤੇ ਬੈਠੇ ਸੱਤ-ਅੱਠ ਵਿਅਕਤੀਆਂ ਨੇ ਐੱਸਐੱਚਓ ’ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਹੰਗਾਮਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।”

Share: