Hockey: ਇੱਕ ਗੀਤ, ਦਸ ਖਿਡਾਰੀ ਅਤੇ ਸੁਨਹਿਰੀ ਜਿੱਤ

Hockey: ਇੱਕ ਗੀਤ, ਦਸ ਖਿਡਾਰੀ ਅਤੇ ਸੁਨਹਿਰੀ ਜਿੱਤ

ਨਵੀਂ ਦਿੱਲੀ : ਬੈਂਕਾਕ ਵਿੱਚ 1966 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਵੱਲੋਂ ਹਾਕੀ ਦਾ ਇਤਿਹਾਸ ਰਚਣ ਦੇ ਸੱਠ ਸਾਲ ਬਾਅਦ ਹਰਬਿੰਦਰ ਸਿੰਘ ਨੂੰ ਜਦੋਂ ਉਹ ਗੀਤ ਯਾਦ ਆਉਂਦਾ ਹੈ ਜੋ ਟੀਮ ਦੇ ਸੋਨੇ ਦੇ ਸਫ਼ਰ ਦਾ ਸਾਥੀ ਬਣਿਆ ਸੀ, ਤਾਂ ਅੱਜ ਵੀ ਉਨ੍ਹਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਤਿੰਨ ਵਾਰ ਦੇ ਓਲੰਪਿਕ ਤਗ਼ਮਾ ਜੇਤੂ 83 ਸਾਲਾ ਓਲੰਪੀਅਨ ਨੇ ਖ਼ਾਸ ਇੰਟਰਵਿਊ ਵਿੱਚ ਇਸ ਬਾਰੇ ਦੱਸਿਆ।

ਉਨ੍ਹਾਂ ਕਿਹਾ, ‘‘ਜਦੋਂ ਵੀ ਅਸੀਂ ਕਿਸੇ ਮੈਚ ਲਈ ਜਾਂਦੇ ਸੀ, ਸ਼ੰਕਰ ਲਕਸ਼ਮਣ (ਉਸ ਸਮੇਂ ਦੇ ਗੋਲਕੀਪਰ) ਟੀਮ ਦੀ ਬੱਸ ਵਿੱਚ ‘ਵਤਨ ਕੀ ਰਾਹ ਮੇਂ ਵਤਨ ਕੇ ਨੌਜਵਾਨ ਸ਼ਹੀਦ ਹੋ’ ਵਜਾਉਂਦੇ ਸਨ ਅਤੇ ਸਾਰੇ ਖਿਡਾਰੀ ਨਾਲ ਗਾਉਂਦੇ ਸਨ। ਇਸ ਨਾਲ ਸਾਨੂੰ ਆਪਣੇ ਆਪ ਹੀ ਪ੍ਰੇਰਨਾ ਮਿਲ ਜਾਂਦੀ ਸੀ।’’ ਇਹ ਗੀਤ ਉਨ੍ਹਾਂ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਵਿਰੁੱਧ ਏਸ਼ਿਆਈ ਖੇਡਾਂ ਦੇ ਫਾਈਨਲ ਤੋਂ ਪਹਿਲਾਂ ਵੀ ਜੋਸ਼ ਭਰਨ ਵਾਲੀ ਤਾਕਤ ਬਣ ਗਿਆ ਸੀ, ਜਿਸ ਮੈਚ ਨੂੰ ਜਿੱਤ ਕੇ ਭਾਰਤ ਮਹਾਂਦੀਪੀ ਮੁਕਾਬਲੇ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਘਰ ਲੈ ਕੇ ਪਰਤਿਆ ਸੀ। ਭਾਰਤ ਨੇ ਦੋ ਵਾਰ ਦੇ ਚੈਂਪੀਅਨ ਪਾਕਿਸਤਾਨ ਨੂੰ ਹਰਾ ਕੇ ਉਹ ਟੀਚਾ ਹਾਸਲ ਕੀਤਾ; ਹਾਲਾਂਕਿ ਮੈਚ ਸ਼ੁਰੂ ਹੁੰਦਿਆਂ ਹੀ ਹੱਥੋਂ ਜਾਂਦਾ ਜਾਪ ਰਿਹਾ ਸੀ। ਪਹਿਲੇ ਪੰਜ ਮਿੰਟਾਂ ਦੇ ਅੰਦਰ ਹੀ ਭਾਰਤ ਦਾ ਇੱਕ ਖਿਡਾਰੀ ਜ਼ਖ਼ਮੀ ਹੋ ਕੇ ਬਾਹਰ ਹੋ ਗਿਆ ਅਤੇ ਉਸ ਸਮੇਂ ਬਦਲਵੇਂ ਖਿਡਾਰੀ ਦਾ ਕੋਈ ਨਿਯਮ ਨਾ ਹੋਣ ਕਾਰਨ, ਟੀਮ ਲਗਪਗ ਪੂਰੇ ਮੈਚ ਲਈ 10 ਖਿਡਾਰੀਆਂ ਤੱਕ ਸੀਮਤ ਰਹੀ। ਆਖ਼ਰਕਾਰ, 70 ਮਿੰਟਾਂ ਅਤੇ ਵਾਧੂ ਸਮੇਂ ਦੇ ਪਹਿਲੇ ਪੜਾਅ ਤੋਂ ਬਾਅਦ, ਜ਼ਖ਼ਮੀ ਬਲਬੀਰ ਸਿੰਘ ਮੈਦਾਨ ਵਿੱਚ ਪਰਤੇ ਅਤੇ ਜੇਤੂ ਗੋਲ ਕੀਤਾ।

Share: