ਨਵੀਂ ਦਿੱਲੀ : ਭਾਰਤ ਨੇ ਅਫ਼ਗਾਨਿਸਤਾਨ ਨੂੰ ਤੀਜੇ ਟੀ-20 ਵਿੱਚ 127 ਦੌੜਾਂ ਨਾਲ ਹਰਾ ਦਿੱਤਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ 7 ਵਿਕਟਾਂ ‘ਤੇ 221 ਦੌੜਾਂ ਬਣਾਈਆਂ। ਜਵਾਬ ਵਿੱਚ ਅਫ਼ਗਾਨਿਸਤਾਨ ਦੀ ਟੀਮ 14.1 ਓਵਰਾਂ ਵਿੱਚ 94 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਲੜੀ 3-0 ਨਾਲ ਜਿੱਤ ਲਈ ਹੈ। ਭਾਰਤ ਦੀ ਜਿੱਤ ਦੇ ਹੀਰੋ ਅਭਿਸ਼ੇਕ ਸ਼ਰਮਾ ਰਹੇ। ਉਨ੍ਹਾਂ ਨੇ 34 ਗੇਂਦਾਂ ‘ਤੇ 108 ਦੌੜਾਂ ਬਣਾਈਆਂ। ਅਭਿਸ਼ੇਕ ਨੇ 9 ਚੌਕੇ ਅਤੇ 11 ਛੱਕੇ ਲਗਾਏ। ਸੰਜੂ ਸੈਮਸਨ ਨੇ 35 ਗੇਂਦਾਂ ‘ਤੇ 50 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੇ ਵਿਕਟ ਲਈ 59 ਗੇਂਦਾਂ ‘ਤੇ 142 ਦੌੜਾਂ ਦੀ ਭਾਈਵਾਲੀ ਕੀਤੀ। ਅਫ਼ਗਾਨਿਸਤਾਨ ਵੱਲੋਂ ਇਬਰਾਹਿਮ ਜ਼ਰਦਾਨ ਨੇ 25 ਅਤੇ ਅਜ਼ਮਤੁੱਲਾ ਉਮਰਜ਼ਈ ਨੇ 17 ਦੌੜਾਂ ਬਣਾਈਆਂ। ਭਾਰਤ ਲਈ ਨਿਤੀਸ਼ ਕੁਮਾਰ ਰੈਡੀ ਅਤੇ ਰਵੀ ਬਿਸ਼ਨੋਈ ਨੇ 3-3 ਵਿਕਟਾਂ ਹਾਸਲ ਕੀਤੀਆਂ। ਅਕਸ਼ਰ ਪਟੇਲ ਨੂੰ 2 ਵਿਕਟਾਂ ਮਿਲੀਆਂ। ਜਸਪ੍ਰੀਤ ਬੁਮਰਾਹ ਅਤੇ ਯਸ਼ ਠਾਕੁਰ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਅਭਿਸ਼ੇਕ ਸ਼ਰਮਾ ਨੇ 30 ਗੇਂਦਾਂ ਵਿੱਚ ਸੈਂਕੜਾ ਜੜ ਕੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ
ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਵਿਰੁੱਧ ਖੇਡੇ ਗਏ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ ਇਤਿਹਾਸ ਰਚ ਦਿੱਤਾ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਮਹਿਜ਼ 30 ਗੇਂਦਾਂ ਵਿੱਚ ਸੈਂਕੜਾ ਪੂਰਾ ਕਰਕੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਉਹ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਰੋਹਿਤ ਸ਼ਰਮਾ ਨੇ ਦਸੰਬਰ 2017 ਵਿੱਚ ਸ੍ਰੀਲੰਕਾ ਵਿਰੁੱਧ 35 ਗੇਂਦਾਂ ਵਿੱਚ ਸੈਂਕੜਾ ਬਣਾਇਆ ਸੀ।
ਅਭਿਸ਼ੇਕ ਸ਼ਰਮਾ ਨੇ ਆਪਣੀ ਇਸ ਤੂਫ਼ਾਨੀ ਪਾਰੀ ਦੌਰਾਨ 317.64 ਦੇ ਸ਼ਾਨਦਾਰ ਸਟਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਅਤੇ ਕੁੱਲ 11 ਛੱਕੇ ਅਤੇ 9 ਚੌਕੇ ਲਗਾਏ। ਉਹ 34 ਗੇਂਦਾਂ ਵਿੱਚ 108 ਦੌੜਾਂ ਬਣਾ ਕੇ ਆਊਟ ਹੋਇਆ। ਉਸ ਦਾ ਇਹ ਸੈਂਕੜਾ ਟੈਸਟ ਖੇਡਣ ਵਾਲੇ ਦੇਸ਼ ਵਿਰੁੱਧ ਕਿਸੇ ਵੀ ਬੱਲੇਬਾਜ਼ ਵੱਲੋਂ ਸਭ ਤੋਂ ਤੇਜ਼ ਸੈਂਕੜਾ ਹੈ। ਅਭਿਸ਼ੇਕ ਨੇ ਪਾਰੀ ਦੇ ਨੌਵੇਂ ਓਵਰ ਵਿੱਚ ਇੱਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ।
ਵਿਸ਼ਵ ਪੱਧਰ ‘ਤੇ ਹੁਣ ਅਭਿਸ਼ੇਕ ਦਾ 30 ਗੇਂਦਾਂ ਦਾ ਸੈਂਕੜਾ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਤੀਜਾ ਸਭ ਤੋਂ ਤੇਜ਼ ਸੈਂਕੜਾ ਬਣ ਗਿਆ ਹੈ। ਇਸ ਸੂਚੀ ਵਿੱਚ ਐਸਟੋਨੀਆ ਦੇ ਸਾਹਿਲ ਪਹਿਲੇ ਸਥਾਨ ‘ਤੇ ਹਨ ਜਿਸ ਨੇ ਜੂਨ 2024 ਵਿੱਚ ਸਾਈਪ੍ਰਸ ਵਿਰੁੱਧ 27 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ, ਜਦੋਂ ਕਿ ਮੁਹੰਮਦ ਫ਼ਹਾਦ ਨੇ ਜੁਲਾਈ 2025 ਵਿੱਚ ਤੁਰਕੀ ਵੱਲੋਂ ਖੇਡਦਿਆਂ ਬੁਲਗਾਰੀਆ ਵਿਰੁੱਧ 29 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ। ਅਭਿਸ਼ੇਕ ਦੇ ਟੀ-20 ਕਰੀਅਰ ਦਾ ਇਹ ਤੀਜਾ ਸੈਂਕੜਾ ਹੈ।
ਅਭਿਸ਼ੇਕ ਸ਼ਰਮਾ ਨੇ ਸੰਜੂ ਸੈਮਸਨ ਨਾਲ ਮਿਲ ਕੇ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ ਦੋਵਾਂ ਨੇ ਮਿਲ ਕੇ 142 ਦੌੜਾਂ ਜੋੜੀਆਂ। ਸੰਜੂ ਸੈਮਸਨ ਨੇ ਵੀ 35 ਗੇਂਦਾਂ ਵਿੱਚ 4 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 50 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਸ਼੍ਰੇਅਸ ਅਈਅਰ ਨੇ ਵੀ 2 ਛੱਕਿਆਂ ਦੀ ਮਦਦ ਨਾਲ 29 ਦੌੜਾਂ ਦਾ ਯੋਗਦਾਨ ਦਿੱਤਾ, ਹਾਲਾਂਕਿ ਪਾਰੀ ਦੇ ਅੰਤ ਵਿੱਚ ਲਗਾਤਾਰ ਵਿਕਟਾਂ ਡਿੱਗਣ ਕਾਰਨ ਭਾਰਤੀ ਟੀਮ ਦੀ ਗਤੀ ਕੁਝ ਹੱਦ ਤੱਕ ਮੱਠੀ ਪੈ ਗਈ। ਅਫ਼ਗ਼ਾਨਿਸਤਾਨ ਵੱਲੋਂ ਗੇਂਦਬਾਜ਼ੀ ਕਰਦਿਆਂ ਅਜ਼ਮਤੁੱਲਾ ਉਮਰਜ਼ਈ ਨੇ 27 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

