ਜੰਮੂ : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਹਾੜੀ ਜੰਗਲੀ ਖੇਤਰ ਵਿੱਚ ਚੱਲ ਰਹੇ ਅਪਰੇਸ਼ਨ ਦੌਰਾਨ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ (JeM) ਨਾਲ ਸਬੰਧਤ ਦੋ ਸ਼ੱਕੀ ਦਹਿਸ਼ਤਗਰਦ ਮਾਰੇ ਗਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਮਾਜਲਤਾ ਦੇ ਬ੍ਰੱਤਲ ਸੋਹਣ ਅਤੇ ਖੁੱਬਣ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਬਾਵਜੂਦ ਫੌਜ, ਪੁਲੀਸ ਅਤੇ ਸੀ.ਆਰ.ਪੀ.ਐੱਫ. (CRPF) ਵੱਲੋਂ ਸਾਂਝਾ ਅਭਿਆਨ ਚਲਾਇਆ ਜਾ ਰਿਹਾ ਹੈ। ਫੌਜ ਨੇ ਇਸ ਅਭਿਆਨ ’ਚ ਦੋ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜੰਮੂ ਸਥਿਤ ਵ੍ਹਾਈਟ ਨਾਈਟ ਕੌਰਪਸ ਨੇ ਐਕਸ (‘X’) ’ਤੇ ਇੱਕ ਪੋਸਟ ਵਿੱਚ ਕਿਹਾ, “16-17 ਸਤੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਸਾਂਝੇ ਖੁਫੀਆ ਅਭਿਆਨ ਦੌਰਾਨ ਊਧਮਪੁਰ ਦੇ ਬ੍ਰੱਤਲ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਪੁਖਤਾ ਜਾਣਕਾਰੀ ਮਿਲੀ ਸੀ। ਖਰਾਬ ਮੌਸਮ, ਔਖੇ ਰਸਤਿਆਂ ਅਤੇ ਘੱਟ ਵਿਜ਼ੀਬਿਲਟੀ ਦੇ ਬਾਵਜੂਦ ਵ੍ਹਾਈਟ ਨਾਈਟ ਕੌਰਪਸ ਦੇ ਜਵਾਨਾਂ, ਪੁਲੀਸ ਅਤੇ ਸੀ.ਆਰ.ਪੀ.ਐੱਫ. ਨੇ ਮਿਲ ਕੇ ਇੱਕ ਨਿਸ਼ਾਨਾਬੱਧ ਅਤਿਵਾਦ-ਵਿਰੋਧੀ ਅਭਿਆਨ ਚਲਾਇਆ, ਜਿਸ ਦੇ ਨਤੀਜੇ ਵਜੋਂ ਦੋ ਦਹਿਸ਼ਤਗਰਦ ਮਾਰੇ ਗਏ।”
ਫੌਜ ਅਨੁਸਾਰ ਇਲਾਕੇ ਵਿੱਚ ਅਜੇ ਵੀ ਤਲਾਸ਼ੀ ਅਤੇ ਨਿਗਰਾਨੀ ਅਭਿਆਨ ਜਾਰੀ ਹੈ ਤਾਂ ਜੋ ਕਿਸੇ ਵੀ ਬਾਕੀ ਬਚੇ ਖਤਰੇ ਨੂੰ ਖਤਮ ਕੀਤਾ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਸੰਘਣੇ ਜੰਗਲੀ ਖੇਤਰ ਵਿੱਚ ਦਹਿਸ਼ਤਗਰਦਾਂ ਦੇ ਇੱਕ ਸਮੂਹ ਦੀ ਹਿਲਜੁਲ ਦੇਖੇ ਜਾਣ ਤੋਂ ਬਾਅਦ ਪੁਲੀਸ ਅਤੇ ਸੁਰੱਖਿਆ ਬਲ ਉਨ੍ਹਾਂ ਦੀ ਭਾਲ ਕਰ ਰਹੇ ਸਨ। ਤਾਜ਼ਾ ਜਾਣਕਾਰੀ ਮਿਲਣ ਤੋਂ ਬਾਅਦ ਬੁੱਧਵਾਰ ਰਾਤ ਲਗਪਗ 9 ਵਜੇ ਸੁਰੱਖਿਆ ਬਲਾਂ ਨੇ ਇੱਕ ਖਾਸ ਇਲਾਕੇ ਨੂੰ ਘੇਰ ਲਿਆ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ।
ਕਾਰਵਾਈ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਫਾਇਰਿੰਗ ਅਤੇ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਰਾਤ ਸਮੇਂ ਇਲਾਕੇ ਵਿੱਚ ਸ਼ਾਂਤੀ ਰਹੀ, ਪਰ ਵੀਰਵਾਰ ਸਵੇਰੇ ਦਹਿਸ਼ਤਗਰਦਾਂ ਨੇ ਘੇਰਾ ਤੋੜਨ ਦੀ ਕੋਸ਼ਿਸ਼ ਵਿੱਚ ਭਾਰੀ ਫਾਇਰਿੰਗ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ‘ਚ ਵਾਧੂ ਸੁਰੱਖਿਆ ਬਲ ਭੇਜੇ ਗਏ ਹਨ ਅਤੇ ਤਲਾਸ਼ੀ ਅਭਿਆਨ ਲਗਾਤਾਰ ਜਾਰੀ ਹੈ।

