ਰੋਮ : ਇਟਲੀ ਨੇ ਮੰਗਲਵਾਰ ਨੂੰ ਸਪੇਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਗਾਏ ਗਏ ਸਰਹੱਦੀ ਚੈੱਕ ਨੂੰ 15 ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਇਹ ਕਦਮ ਜੁਲਾਈ ਦੇ ਅੰਤ ਵਿੱਚ ਮੋਰੋਕੋ ਤੋਂ 72,000 ਤੋਂ ਵੱਧ ਪਰਵਾਸੀਆਂ ਦੇ ਸਪੇਨ ਦੇ ਉੱਤਰੀ ਅਫਰੀਕੀ ਖੇਤਰ Ceuta ਵਿੱਚ ਦਾਖ਼ਲ ਹੋਣ ਤੋਂ ਬਾਅਦ ਚੁੱਕਿਆ ਗਿਆ ਸੀ। ਸਪੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸਪੇਨ ਨੇ ਵੀ ਇਟਲੀ ਦੇ ਇਸ ਕਦਮ ਦਾ ਜਵਾਬ ਦਿੰਦਿਆਂ ਇਟਲੀ ਤੋਂ ਆਉਣ ਵਾਲੇ ਲੋਕਾਂ ‘ਤੇ ਆਪਣੀਆਂ ਜਵਾਬੀ ਸਰਹੱਦੀ ਜਾਂਚ ਨੂੰ ਅਗਲੇ 15 ਦਿਨਾਂ ਲਈ ਵਧਾ ਦਿੱਤਾ ਹੈ। ਇਟਲੀ ਵੱਲੋਂ ਸਪੇਨ ਤੋਂ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
Spain Immigration Rules: ਸਪੇਨ ਨੇ ਪਰਵਾਸੀਆਂ ਨੂੰ ਰੋਕਣ ਲਈ ਫਲੋਟਿੰਗ ਬੈਰੀਅਰ ਲਾਏ
ਭਾਵੇਂ ਕਿ ਜ਼ਿਆਦਾਤਰ ਪਰਵਾਸੀ ਵਾਪਸ ਮੋਰੋਕੋ ਪਰਤ ਗਏ ਸਨ ਪਰ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਹੋਰ ਯੂਰਪੀਅਨ ਨੇਤਾਵਾਂ ਨੇ ਜੁਲਾਈ ਵਿੱਚ ਸਿਉਟਾ ਵਿੱਚ ਪਰਵਾਸੀਆਂ ਦੀ ਵਧਦੀ ਆਮਦ ’ਤੇ ਟਿੱਪਣੀਆਂ ਕੀਤੀਆਂ। ਸਿਉਟਾ ਸੰਕਟ ਤੋਂ ਕੁਝ ਮਹੀਨੇ ਪਹਿਲਾਂ ਹੀ ਸਪੇਨ ਸਰਕਾਰ ਨੇ ਪਰਵਾਸੀਆਂ ਨੂੰ ਕਾਨੂੰਨੀ ਤੌਰ ’ਤੇ ਪੱਕਾ ਕਰਨ ਦੀ ਮੁਹਿੰਮ ਚਲਾਈ ਸੀ।
ਅੰਦਰੂਨੀ ਸੁਰੱਖਿਆ ਦਾ ਹਵਾਲਾ ਅਤੇ ਸ਼ੈਨੇਗਨ ਜ਼ੋਨ ਦੇ ਨਿਯਮ
ਇਟਲੀ ਨੇ ਸਪੇਨ ਤੋਂ ਆਉਣ ਵਾਲੇ ਯਾਤਰੀਆਂ ਲਈ ਹਵਾਈ ਅਤੇ ਸਮੁੰਦਰੀ ਬੰਦਰਗਾਹਾਂ ’ਤੇ ਪੁਲੀਸ ਦੀ ਰੈਂਡਮ ਚੈਕਿੰਗ ਲਾਗੂ ਕਰਦਿਆਂ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਦੱਸਿਆ। ਮੰਗਲਵਾਰ ਨੂੰ ਸਰਹੱਦੀ ਜਾਂਚ ਨੂੰ ਵਧਾਉਂਦਿਆਂ ਇਟਲੀ ਦੇ ਗ੍ਰਹਿ ਮੰਤਰਾਲੇ ਨੇ ਵੀ ਉਹੀ ਤਰਕ ਦਿੰਦਿਆਂ ਕਿਹਾ ਕਿ ਉਸ ਨੇ ਯੂਰਪੀਅਨ ਯੂਨੀਅਨ ਅਤੇ ਹੋਰ ਸਰਕਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਉੱਚ ਖ਼ਤਰੇ ਅਤੇ ਘੁਸਪੈਠ ਦੀ ਸੰਭਾਵਨਾ ਬਣੀ ਹੋਈ ਹੈ। ਸਪੇਨ ਨੇ ਵੀ ਕਿਹਾ ਕਿ ਜਦੋਂ ਤੱਕ ਇਟਲੀ ਦੀਆਂ ਇਹ ਪਾਬੰਦੀਆਂ ਜਾਰੀ ਰਹਿਣਗੀਆਂ, ਉਹ ਵੀ ਆਪਣੀਆਂ ਜਵਾਬੀ ਕਾਰਵਾਈਆਂ ਜਾਰੀ ਰੱਖੇਗਾ।
ਯੂਰਪੀਅਨ ਯੂਨੀਅਨ ਦੇ 27 ਮੈਂਬਰ ਦੇਸ਼ਾਂ ਵਿੱਚ ‘ਸ਼ੈਨੇਗੇਨ’ (Schengen) ਨਾਂ ਦਾ ਵੀਜ਼ਾ-ਮੁਕਤ ਯਾਤਰਾ ਖੇਤਰ ਹੈ, ਜੋ ਨਾਗਰਿਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਰਹੱਦਾਂ ਪਾਰ ਕਰਨ ਦੀ ਇਜਾਜ਼ਤ ਦਿੰਦਾ ਹੈ। ਯੂਰਪੀਅਨ ਯੂਨੀਅਨ ਦੇ ਨਿਯਮਾਂ ਮੁਤਾਬਕ ਮੈਂਬਰ ਦੇਸ਼ ਗੰਭੀਰ ਖ਼ਤਰੇ ਦੀ ਸਥਿਤੀ ਵਿੱਚ ਹੀ ਅਸਥਾਈ ਤੌਰ ‘ਤੇ ਸਰਹੱਦੀ ਕੰਟਰੋਲ ਦੁਬਾਰਾ ਲਾਗੂ ਕਰ ਸਕਦੇ ਹਨ ਪਰ ਇਹ ਸੀਮਤ ਸਮੇਂ ਲਈ ਹੋਣਾ ਚਾਹੀਦਾ ਹੈ।
ਇਸ ਪੂਰੇ ਘਟਨਾਕ੍ਰਮ ਦੌਰਾਨ ਐਨ.ਜੀ.ਓਜ਼ (NGOs) ਨੇ ਰਿਪੋਰਟ ਦਿੱਤੀ ਸੀ ਕਿ ਇਸ ਇਲਾਕੇ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਵਿੱਚ 140 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਨਵਤਾਵਾਦੀ ਸੰਕਟ ਕਾਰਨ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਨੂੰ ਰਾਜਨੀਤਕ ਤੌਰ ‘ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

