Punjab Power Crisis: ਪਾਵਰਕੌਮ ’ਚੋਂ ਬਸੰਤ ਗਰਗ ਦੀ ਛੁੱਟੀ

Punjab Power Crisis: ਪਾਵਰਕੌਮ ’ਚੋਂ ਬਸੰਤ ਗਰਗ ਦੀ ਛੁੱਟੀ

ਚੰਡੀਗੜ੍ਹ ; ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਸੰਕਟ ਦਰਮਿਆਨ ਪਾਵਰਕੌਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਦਾ ਤਬਾਦਲਾ ਕਰ ਦਿੱਤਾ ਹੈ। ਬਿਜਲੀ ਕੱਟਾਂ ਖ਼ਿਲਾਫ਼ ਲੋਕ ਰੋਹ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਪਾਵਰਕੌਮ ਦੀ ਕਮਾਨ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਦੇ ਹਵਾਲੇ ਕੀਤੀ ਹੈ। ਤਾਪ ਬਿਜਲੀ ਘਰਾਂ ਦੇ ਸਾਰੇ 15 ਯੂਨਿਟਾਂ ਤੋਂ ਬਿਜਲੀ ਪੈਦਾਵਾਰ ਹੋਣ ਨਾਲ ਭਾਵੇਂ ਹਾਲਾਤ ਸੁਧਰੇ ਹਨ ਪਰ ਕੱਟਾਂ ਖ਼ਿਲਾਫ਼ ਲੋਕ ਆਵਾਜ਼ ਹਾਲੇ ਮੱਠੀ ਨਹੀਂ ਪਈ ਹੈ। ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੂੰ ਪਾਵਰਕੌਮ ਤੋਂ ਇਲਾਵਾ ਟਰਾਂਸਕੋ ਦੇ ਸੀ ਐੱਮ ਡੀ ਵਜੋਂ ਵੀ ਤਾਇਨਾਤ ਕੀਤਾ ਗਿਆ ਹੈ। ਬਦਲੇ ਗਏ ਆਈ ਏ ਐੱਸ ਅਧਿਕਾਰੀ ਡਾ. ਬਸੰਤ ਗਰਗ ਨੂੰ ਉਦਯੋਗ ਤੇ ਵਣਜ ਵਿਭਾਗ ’ਚ ਪ੍ਰਬੰਧਕੀ ਸਕੱਤਰ ਲਾਇਆ ਗਿਆ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਕਿ 15 ਸਤੰਬਰ ਤੋਂ ਸੂਬੇ ’ਚ ਬਿਜਲੀ ਕੱਟ ਨਹੀਂ ਲੱਗਣਗੇ ਅਤੇ ਹੁਣ ਵੀ ਲੰਮੇ ਕੱਟ ਨਹੀਂ ਲੱਗਣਗੇ। ਦੇਖਿਆ ਜਾਵੇ ਤਾਂ ਬੀਤੇ ਦਿਨ ਸਨਅਤੀ ਖੇਤਰ ’ਚ ਛੇ ਘੰਟੇ ਦਾ ਬਿਜਲੀ ਕੱਟ ਲੱਗਿਆ ਸੀ।

ਪੰਜਾਬ ’ਚ ਅੱਜ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਸਤੰਬਰ ਦੇ ਅੱਧ ’ਚ ਮੰਗ 17,423 ਮੈਗਾਵਾਟ ’ਤੇ ਪੁੱਜ ਗਈ ਹੈ। ਮਾਹਿਰਾਂ ਮੁਤਾਬਕ ਕਈ ਦਿਨ ਬਿਜਲੀ ਕੱਟ ਲੱਗਣ ਮਗਰੋਂ ਬੀਤੇ ਦਿਨੀਂ ਬਿਜਲੀ ਸਪਲਾਈ ਸੁਧਰੀ ਹੈ ਜਿਸ ਕਰ ਕੇ ਖਪਤਕਾਰਾਂ ਨੇ ਸੋਕਾ ਝੱਲਣ ਮਗਰੋਂ ਇਕਦਮ ਬਿਜਲੀ ਦੀ ਵਰਤੋਂ ਵਧਾ ਦਿੱਤੀ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪਾਵਰਕੌਮ ਦੇ ਨਿਗਰਾਨ ਇੰਜਨੀਅਰਾਂ ਅਤੇ ਕਾਰਜਕਾਰੀ ਇੰਜਨੀਅਰਾਂ ਦੇ ਦਫ਼ਤਰਾਂ ਅੱਗੇ ਸਵੇਰੇ 11 ਤੋਂ ਦੁਪਹਿਰ ਬਾਅਦ 3 ਵਜੇ ਤੱਕ ਬਿਜਲੀ ਕੱਟਾਂ ਖ਼ਿਲਾਫ਼ ਧਰਨੇ ਦਿੱਤੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਪਾਵਰਕੌਮ ਦੇ ਸੀ ਐੱਮ ਡੀ ਦਾ ਤਬਾਦਲਾ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਸੈਕਟਰ ਨੂੰ ਸਿਰਫ਼ ਚਾਰ ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਸਪਲਾਈ ਨਾ ਸੁਧਰੀ ਤਾਂ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਪਟਿਆਲਾ ’ਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਬਿਜਲੀ ਕੱਟਾਂ ਵਿਰੁੱਧ ਪ੍ਰਦਰਸ਼ਨ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ 16 ਸਤੰਬਰ ਨੂੰ ਹਲਕਾ ਪੱਧਰ ’ਤੇ ਪਾਵਰ ਕੱਟਾਂ ਨੂੰ ਲੈ ਕੇ ਧਰਨੇ ਲਾਉਣ ਦਾ ਐਲਾਨ ਕੀਤਾ ਹੋਇਆ ਹੈ। ਆਮ ਤੌਰ ’ਤੇ ਬਿਜਲੀ ਕੱਟ ਜੂਨ-ਜੁਲਾਈ ਦੇ ਮਹੀਨੇ ’ਚ ਲੱਗਦੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਸਤੰਬਰ ’ਚ ਲੋਕਾਂ ਨੂੰ ਬਿਜਲੀ ਕੱਟ ਝੱਲਣੇ ਪੈ ਰਹੇ ਹਨ। ਉਂਝ 12 ਸਤੰਬਰ ਨਾਲੋਂ ਬੀਤੇ ਦਿਨੀਂ ਬਿਜਲੀ ਸਪਲਾਈ ’ਚ ਵੱਡਾ ਸੁਧਾਰ ਹੋਇਆ ਹੈ। ਪਾਵਰਕੌਮ ਨੇ ਖੇਤੀ ਸੈਕਟਰ ਨੂੰ 9 ਤੋਂ 11.30 ਘੰਟੇ ਤੱਕ ਬਿਜਲੀ ਸਪਲਾਈ ਦਿੱਤੀ ਹੈ ਤਾਂ ਜੋ ਕੱਟਾਂ ਦੀ ਭਰਪਾਈ ਕੀਤੀ ਜਾ ਸਕੇ। ਪਾਵਰਕੌਮ ਨੂੰ ਆਪਣੇ ਸਮੁੱਚੇ ਸਰੋਤਾਂ ਤੋਂ 5187 ਮੈਗਾਵਾਟ ਬਿਜਲੀ ਪ੍ਰਾਪਤ ਹੋਈ ਜਦੋਂ ਕਿ ਬਾਕੀ ਪੂਰਤੀ ਬਾਹਰੋਂ ਕਰਨੀ ਪਈ ਹੈ। ਕੋਲਾ ਭੰਡਾਰ ’ਤੇ ਨਜ਼ਰ ਮਾਰੀਏ ਤਾਂ ਪਬਲਿਕ ਸੈਕਟਰ ਦੇ ਤਾਪ ਬਿਜਲੀ ਘਰਾਂ ’ਚ ਕੋਲਾ ਭੰਡਾਰ ਕਾਫ਼ੀ ਹੈ ਪਰ ਰਾਜਪੁਰਾ ਥਰਮਲ ਕੋਲ ਸੱਤ ਦਿਨਾਂ ਅਤੇ ਤਲਵੰਡੀ ਸਾਬੋ ਕੋਲ ਚਾਰ ਦਿਨਾਂ ਦਾ ਕੋਲਾ ਬਚਿਆ ਹੈ। ਤਲਵੰਡੀ ਸਾਬੋ ਥਰਮਲ ਨੂੰ ਬੀਤੇ ਦਿਨੀਂ 16056 ਮੀਟਰਿਕ ਟਨ ਕੋਲਾ ਪ੍ਰਾਪਤ ਹੋਇਆ ਹੈ।

ਬਿਜਲੀ ਸਪਲਾਈ ਦਾ ਮਸਲਾ ਹੱਲ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕੋਲੇ ਦੀ ਕਮੀ ਨੂੰ ਬਿਜਲੀ ਸੰਕਟ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਹੁਣ ਥਰਮਲਾਂ ਦੇ ਸਾਰੇ ਯੂਨਿਟ ਚੱਲ ਰਹੇ ਹਨ ਅਤੇ ਬਿਜਲੀ ਸਪਲਾਈ ਦਾ ਮਾਮਲਾ ਹੱਲ ਹੋ ਗਿਆ ਹੈ। ਕੋਲੇ ਦੀ ਘਾਟ ਕਾਰਨ ਸਮੁੱਚੇ ਦੇਸ਼ ’ਚ ਵੀ ਸੰਕਟ ਹੈ। ਹੁਣ ਪੰਜਾਬ ਦੇ ਸਾਰੇ ਥਰਮਲਾਂ ਨੂੰ ਕੋਲੇ ਦੀ ਕੋਈ ਕਮੀ ਨਹੀਂ ਰਹੇਗੀ ਕਿਉਂਕਿ ਕੇਂਦਰੀ ਕੋਲਾ ਮੰਤਰਾਲੇ ਅਤੇ ਝਾਰਖੰਡ ਸਰਕਾਰ ਨੇ ਪਛਵਾੜਾ ਕੋਲਾ ਖਾਣ ਦਾ ਕੋਲਾ ਪ੍ਰਾਈਵੇਟ ਥਰਮਲਾਂ ’ਚ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ ਖੁਦ ਵੀ ਝਾਰਖੰਡ ਸਰਕਾਰ ਦਾ ਧੰਨਵਾਦ ਕਰਨ ਰਾਂਚੀ ਜਾਣਗੇ।

Share: