ਚੰਡੀਗਡ਼੍ਹ : ਜਦੋਂ ਪਾਵਰਕੌਮ ਦੇ ਬਿਜਲੀ ਸੰਕਟ ਦੀ ਮਰਜ਼ ਦਾ ਇਲਾਜ ਡਾ. ਬਸੰਤ ਗਰਗ ਕਰਨ ’ਚ ਫੇਲ੍ਹ ਰਹੇ ਤਾਂ ਹੁਣ ਇਹ ਕਮਾਨ ਇੰਜਨੀਅਰ ਹਵਾਲੇ ਕੀਤੀ ਗਈ ਹੈ। ਆਈ ਏ ਐੱਸ ਅਧਿਕਾਰੀ ਬਸੰਤ ਗਰਗ ਐੱਮ ਬੀ ਬੀ ਐੱਸ ਹਨ, ਜਿਨ੍ਹਾਂ ਨੂੰ ਸਰਕਾਰ ਨੇ 31 ਅਕਤੂਬਰ 2025 ਨੂੰ ਪਾਵਰਕੌਮ ਅਤੇ ਟਰਾਂਸਕੋ ਦਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਲਾਇਆ ਸੀ। ਡਾ. ਬਸੰਤ ਗਰਗ ਦੇ ਤਬਾਦਲੇ ਮਗਰੋਂ ਅੱਜ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੂੰ ਪਾਵਰਕੌਮ ਤੇ ਟਰਾਂਸਕੋ ਦੀ ਕਮਾਨ ਦਿੱਤੀ ਹੈ, ਜਿਨ੍ਹਾਂ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇੰਜਨੀਅਰਿੰਗ ਦੀ ਡਿਗਰੀ ਕੀਤੀ ਹੈ।
ਨਵੇਂ ਚੇਅਰਮੈਨ ਕਮ-ਮੈਨੇਜਿੰਗ ਡਾਇਰੈਕਟਰ ਗੁਰਕਿਰਤ ਕਿਰਪਾਲ ਸਿੰਘ ਇੰਜਨੀਅਰ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਕਿਰਪਾਲ ਸਿੰਘ ਪਾਵਰਕੌਮ ’ਚ ਮੁੱਖ ਇੰਜਨੀਅਰ ਰਹੇ ਅਤੇ ਮਗਰੋਂ ਮੈਂਬਰ (ਵੰਡ) ਵਜੋਂ ਵੀ ਪਾਵਰਕੌਮ ’ਚ ਤਾਇਨਾਤ ਰਹੇ। ਉਨ੍ਹਾਂ ਦਾ ਪਾਵਰਕੌਮ ’ਚ ਚੰਗਾ ਅਕਸ ਸੀ। ਪਾਵਰਕੌਮ ਦੀ ਇੰਜਨੀਅਰ ਲਾਬੀ ਇਸ ਗੱਲੋਂ ਤਸੱਲੀ ’ਚ ਹੈ ਕਿ ਇੰਜਨੀਅਰਿੰਗ ਪਿਛੋਕੜ ਵਾਲੇ ਆਈ ਏ ਐੱਸ ਅਧਿਕਾਰੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਮੌਜੂਦਾ ਬਿਜਲੀ ਸੰਕਟ ਨਵੇਂ ਸੀ ਐੱਮ ਡੀ ਲਈ ਵੱਡੀ ਚੁਣੌਤੀ ਹੋਵੇਗਾ। ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਖ਼ੁਦ ਪ੍ਰਸ਼ਾਸਕੀ ਹਲਕਿਆਂ ’ਚ ਚੰਗਾ ਅਕਸ ਰੱਖਦੇ ਹਨ। ਪੁਰਾਣੇ ਸੀ ਐੱਮ ਡੀ ਡਾ. ਬਸੰਤ ਗਰਗ ਕਰੀਬ 10.5 ਮਹੀਨੇ ਪਾਵਰਕੌਮ ’ਚ ਰਹੇ ਜੋ ਪੂਰੀ ਵਾਹ ਤਾਂ ਲਾਉਂਦੇ ਰਹੇ ਪ੍ਰੰਤੂ ਪੂਰੇ ਕਾਰਜਕਾਲ ਦੌਰਾਨ ਕੋਈ ਨਾ ਕੋਈ ਵਿਵਾਦ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ, ਜਦੋਂ ਉਨ੍ਹਾਂ ਨੂੰ ਸੀ ਐੱਮ ਡੀ ਲਾਇਆ ਗਿਆ ਤਾਂ ਉਸ ਵਕਤ ਹੀ ਉਨ੍ਹਾਂ ਦੀ ਨਿਯੁਕਤੀ ’ਤੇ ਉਂਗਲ ਉੱਠੀ ਕਿਉਂਕਿ 2010 ਦੇ ਰੈਗੂਲੇਸ਼ਨ ਮੁਤਾਬਕ ਸੀ ਐੱਮ ਡੀ ਕਿਸੇ ਟੈਕਨੋਕਰੇਟ ਨੂੰ ਲਾਇਆ ਜਾ ਸਕਦਾ ਹੈ ਜਾਂ ਫਿਰ ਕਿਸੇ ਖ਼ਾਸ ਹਾਲਾਤ ’ਚ ਪ੍ਰਮੁੱਖ ਸਕੱਤਰ ਪੱਧਰ ’ਦੇ ਆਈ ਏ ਐੱਸ ਅਧਿਕਾਰੀ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਡਾ. ਬਸੰਤ ਗਰਗ ਸਕੱਤਰ ਪੱਧਰ ਦਾ ਰੁਤਬਾ ਰੱਖਦੇ ਸਨ। ਇਸ ਵਿਵਾਦ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਸੋਧ ਕਰ ਕੇ ਉਨ੍ਹਾਂ ਦੀ ਨਿਯੁਕਤੀ ’ਤੇ ਸਹੀ ਪਾ ਦਿੱਤੀ ਸੀ। ਇਸ ਮਗਰੋਂ ਉਨ੍ਹਾਂ ਪਾਵਰਕੌਮ ਦੇ ਮੈਂਬਰ (ਜਨਰੇਸ਼ਨ) ਹਰਜੀਤ ਸਿੰਘ ਜੋ ਪਾਵਰਕੌਮ ’ਚ ਇਮਾਨਦਾਰੀ ਚਿਹਰੇ ਵਜੋਂ ਜਾਣੇ ਜਾਂਦੇ ਹਨ, ਦੀ ਮੈਂਬਰੀ ਤੋਂ ਛੁੱਟੀ ਕਰ ਦਿੱਤੀ। ਉਹ ਕਾਰਜਕਾਲ ਦੌਰਾਨ ਇੰਜਨੀਅਰਾਂ ਨਾਲ ਆਪਣਾ ਤਾਲਮੇਲ ਨਹੀਂ ਬਿਠਾ ਸਕੇ। ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਦੇ ਮੁੱਦੇ ’ਤੇ ਵੀ ਆਮ ਲੋਕਾਂ ਦਾ ਰੋਹ ਉੱਠਿਆ ਸੀ।ਡਾ. ਬਸੰਤ ਗਰਗ ਤਤਕਾਲੀ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਨੇੜਲੇ ਦੱਸੇ ਜਾਂਦੇ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਅਤੇ ਮੋਬਾਈਲਾਂ ਦੀ ਖ਼ਰੀਦ ਮਾਮਲੇ ’ਚ ਵੀ ਮੁਲਾਜ਼ਮਾਂ ਨੇ ਰੌਲਾ ਪਾਇਆ ਸੀ। ਤਾਜ਼ਾ ਸੰਕਟ ਦੌਰਾਨ ਪਹਿਲੀ ਵਾਰ ਇੱਕੋ ਸਮੇਂ ਸਨਅਤੀ ਖੇਤਰ ਨੂੰ 13 ਘੰਟੇ ਦੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਡਾ. ਬਸੰਤ ਗਰਗ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਵਿਸਥਾਰ ਵੀ ਦਿੰਦੇ ਹਨ। ਜਦੋਂ ਹੁਣ ਬਿਜਲੀ ਸੰਕਟ ਦਰਮਿਆਨ ਲੋਕ ਰੋਹ ਵਧ ਗਿਆ ਤਾਂ ਪੰਜਾਬ ਸਰਕਾਰ ਨੇ ਮਾਮਲੇ ’ਤੇ ਠੰਢਾ ਛਿੜਕਣ ਲਈ ਸੀ ਐੱਮ ਡੀ ਬਸੰਤ ਗਰਗ ਦਾ ਤਬਾਦਲਾ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਪਾਵਰਕੌਮ ਨੂੰ ਇਸ ਵੇਲੇ ਵਿੱਤੀ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਪਾਵਰਕੌਮ ਦੀ ਗੱਡੀ ਚੱਲਦੀ ਰੱਖਣ ਲਈ ਪੰਜਾਬ ਸਰਕਾਰ ਨੂੰ ਬਕਾਇਆ ਸਬਸਿਡੀ ਵੀ ਪਾਵਰਕੌਮ ਨੂੰ ਦੇਣੀ ਪਵੇਗੀ।

