ਐੱਸ ਏ ਐੱਸ ਨਗਰ (ਮੁਹਾਲੀ) : ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਭਾਗੋਮਾਜਰਾ ਨੇੜਿਉਂ ਨਵੇਂ ਬਣੇ 205 ਏ ਜੀ ਮੁਹਾਲੀ-ਸਰਹਿੰਦ ਛੇ ਲਾਈਨ ਕੌਮੀ ਸ਼ਾਹਰਾਹ ਦੀ ਉਸਾਰੀ ਮੁਕੰਮਲ ਹੋ ਗਈ ਹੈ। ਤਕਰੀਬਨ ਸਾਢੇ 27 ਕਿਲੋਮੀਟਰ ਲੰਮੇ ਲਾਂਘੇ ਉੱਤੇ ਕਰੀਬ 1500 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਦੇ ਸਤੰਬਰ ਦੇ ਅਖੀਰ ਤੱਕ ਆਵਾਜਾਈ ਲਈ ਖੁੱਲ੍ਹਣ ਦੀ ਸੰਭਾਵਨਾ ਹੈ। ਕੌਮੀ ਮਾਰਗ ਸ਼ੁਰੂ ਹੋਣ ਨਾਲ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਆਦਿ ਦੇ ਵਸਨੀਕਾਂ ਨੂੰ ਫ਼ਤਿਹਗੜ੍ਹ ਸਾਹਿਬ ਅਤੇ ਨੇੜਲੇ ਖੇਤਰਾਂ ਤੱਕ ਜਾਣ ਲਈ ਸਿੱਧਾ ਰਸਤਾ ਹਾਸਲ ਹੋ ਜਾਵੇਗਾ। ਇਸ ਸੜਕ ’ਤੇ ਮੁਹਾਲੀ ਤੋਂ ਸਰਹਿੰਦ ਜਾਣ ਲਈ ਮਹਿਜ਼ 25 ਤੋਂ 30 ਮਿੰਟ ਲੱਗਣਗੇ। ਜਾਣਕਾਰੀ ਅਨੁਸਾਰ ਦੋ ਫੇਜ਼ਾਂ ’ਚ ਉਸਰਨ ਵਾਲਾ ਇਹ ਮਾਰਗ ਮੁਹਾਲੀ ਤੋਂ ਸ਼ਹਿਣਾ (ਬਰਨਾਲਾ) ਤੱਕ ਜਾਣਾ ਹੈ ਜਿਸ ਨਾਲ ਮਾਨਸਾ ਤੇ ਬਠਿੰਡਾ ਖੇਤਰਾਂ ਦਾ ਸਿੱਧਾ ਸੰਪਰਕ ਮੁਹਾਲੀ ਨਾਲ ਜੁੜੇਗਾ। ਪਹਿਲੇ ਫੇਜ਼ ਅਧੀਨ ਮੁਹਾਲੀ-ਸਰਹਿੰਦ ਛੇ ਮਾਰਗੀ ਸੜਕ ਦਾ ਕੰਮ ਮੁਕੰਮਲ ਹੋ ਗਿਆ ਹੈ। ਇਹ ਮਾਰਗ ਸਰਹਿੰਦ ਤੋਂ ਰਾਜਪੁਰਾ-ਅੰਬਾਲਾ ਨੂੰ ਜਾ ਰਹੇ ਕੌਮੀ ਮਾਰਗ ਨਾਲ ਜੁੜਦਾ ਹੈ। ਇਸ ਮਾਰਗ ਦਾ ਨਿਰਮਾਣ ਤਿੰਨ ਵਰ੍ਹੇ ਪਹਿਲਾਂ ਆਰੰਭ ਹੋਇਆ ਸੀ ਅਤੇ ਵੀ ਸੀ ਐੱਲ ਕੰਸਟਰੱਕਸ਼ਨ ਕੰਪਨੀ ਵੱਲੋਂ ਉਸਾਰੀ ਮੁਕੰਮਲ ਕੀਤੀ ਜਾ ਚੁੱਕੀ ਹੈ। ਕੰਪਨੀ ਦੇ ਮੈਨੇਜਰ ਨਾਗਾ ਅਰਜੁਨ ਨੇ ਦੱਸਿਆ ਕਿ ਸੜਕ ਦੀ ਟੈਸਟਿੰਗ ਹੋ ਚੁੱਕੀ ਹੈ। ਲਾਈਟਾਂ ਲਈ ਇੱਕ-ਦੋ ਦਿਨਾਂ ’ਚ ਬਿਜਲੀ ਕੁਨੈਕਸ਼ਨ ਵੀ ਮਿਲ ਜਾਵੇਗਾ। ਸੜਕ ’ਤੇ ਮੱਛਲੀ ਕਲਾਂ ਨੇੜੇ ਟੌਲ ਪਲਾਜ਼ਾ ਸਥਾਪਤ ਕੀਤਾ ਗਿਆ ਹੈ ਜਦੋਂ ਕਿ ਸਰਵਿਸ ਰੋਡਾਂ ’ਤੇ ਵੀ ਦੋ ਥਾਵਾਂ ਉਪਰ ਟੌਲ ਲਗਾਏ ਗਏ ਹਨ ਜੋ ਕੋਰੀਡੋਰ ਤੋਂ ਉਤਰਨ ਵਾਲੇ ਵਾਹਨਾਂ ਲਈ ਹੋਣਗੇ। ਇਸ ਮਾਰਗ ਉੱਤੇ ਚਾਰ ਵੱਡੇ ਪੁਲ, ਦੋ ਫਲਾਈਓਵਰ, 18 ਅੰਡਰ ਪਾਸ, ਰੇਲਵੇ ਲਾਈਨਾਂ ’ਤੇ ਦੋ ਪੁਲ ਬਣਾਉਣ ਤੋਂ ਇਲਾਵਾ 23 ਕਿਲੋਮੀਟਰ ਦੇ ਕਰੀਬ ਸਰਵਿਸ/ਸਲਿੱਪ ਰੋਡ ਵੀ ਬਣਾਈ ਗਈ ਹੈ। ਮੁਹਾਲੀ ਤੋਂ ਇਲਾਵਾ ਝੰਜੇੜੀ, ਹੰਸਾਲੀ ਸਾਹਿਬ, ਦੌਲਤਪੁਰ ਆਦਿ ਤੋਂ ਵੀ ਇਸ ਮਾਰਗ ’ਤੇ ਚੜ੍ਹਿਆ-ਉਤਰਿਆ ਜਾ ਸਕੇਗਾ।
Posted inMohali (SAS Nagar)
Mohali Sirhind highway: ਮੁਹਾਲੀ-ਸਰਹਿੰਦ ਕੌਮੀ ਮਾਰਗ ਦੀ ਉਸਾਰੀ ਮੁਕੰਮਲ

