ਚੰਡੀਗੜ੍ਹ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਮੈਨ ਏਸ਼ੀਆ ਕੱਪ ਜਿੱਤ ਲਿਆ ਹੈ। ਭਾਰਤ ਨੇ ਸ੍ਰੀਲੰਕਾ ਦੀ ਟੀਮ ਨੂੰ ਟੀ 20 ਮੈਚ ਵਿਚ 72 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 183 ਦੌੜਾਂ ਬਣਾਈਆਂ ਸਨ ਪਰ ਸ੍ਰੀਲੰਕਾ ਦੀ ਟੀਮ 111 ਦੌੜਾਂ ’ਤੇ ਹੀ ਆਲ ਆਊਟ ਹੋ ਗਈ।
ਸ੍ਰੀਲੰਕਾ ਲਈ ਇਮੇਸ਼ਾ ਦੁਲਾਨੀ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਕਪਤਾਨ ਅਟਾਪੱਟੂ ਨੇ 36 ਦੌੜਾਂ ਅਤੇ ਵਿਸ਼ਮੀ ਗੁਣਾਰਤਨੇ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਨਿਲਕਸ਼ਿਕਾ ਸਿਲਵਾ (2), ਹਰਸ਼ਿਤਾ ਸਮਰਵਿਕਰਮਾ (9), ਕਾਵਿਸ਼ਾ ਦਿਲਹਾਰੀ (7), ਹਸੀਨੀ ਪਰੇਰਾ (1), ਸੁਗੰਧਿਕਾ ਕੁਮਾਰੀ (1) ਅਤੇ ਕੌਸ਼ਾਨੀ ਨੁਥਯਾਂਗਨਾ ਨੇ ਨਾਬਾਦ 9 ਦੌੜਾਂ ਬਣਾਈਆਂ, ਜਦਕਿ ਮਿਥਾਲੀ ਅਯੋਧਿਆ ਬਿਨਾਂ ਖਾਤਾ ਖੋਲੇ ਆਊਟ ਹੋ ਗਈ। ਸ੍ਰੀਲੰਕਾ ਦੀ ਪਾਰੀ 111 ਦੌੜਾਂ ‘ਤੇ ਸਿਮਟ ਗਈ।
ਭਾਰਤ ਦੀਆਂ ਗੇਂਦਬਾਜ਼ਾਂ ਨੇ ਪੂਰੇ ਮੈਚ ਦੌਰਾਨ ਸ਼ਾਨਦਾਰ ਅਨੁਸ਼ਾਸਨ ਦਿਖਾਉਂਦੇ ਹੋਏ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਦਬਾਅ ਵਿੱਚ ਰੱਖਿਆ। ਸ੍ਰੀ ਚਰਨੀ ਨੇ ਵਧੀਆ ਗੇਂਦਬਾਜ਼ੀ ਕਰਦਿਆਂ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਟਿਕਣ ਨਾ ਦਿਤਾ ਅਤੇ 4 ਅਹਿਮ ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਇਲਾਵਾ ਦੀਪਤੀ ਸ਼ਰਮਾ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 2 ਵਿਕਟਾਂ ਹਾਸਲ ਕੀਤੀਆਂ। ਕ੍ਰਾਂਤੀ ਗੌੜ, ਪ੍ਰੇਮਾ ਰਾਵਤ ਅਤੇ ਸ਼ੈਫਾਲੀ ਵਰਮਾ ਨੇ 1-1 ਵਿਕਟ ਹਾਸਲ ਕਰਕੇ ਭਾਰਤ ਦੀ ਇਸ ਇਤਿਹਾਸਕ ਅਤੇ ਸ਼ਾਨਦਾਰ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਸ਼ੈਫਾਲੀ ਅਤੇ ਮੰਧਾਨਾ ਦੀਆਂ ਸ਼ਾਨਦਾਰ ਪਾਰੀਆਂ
ਦੁਬਈ ਵਿਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੀ-20 ਦੇ ਫ਼ਾਈਨਲ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (68 ਦੌੜਾਂ) ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ (59 ਦੌੜਾਂ) ਨੇ ਵਧੀਆ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕਟ ਲਈ ਸਿਰਫ਼ 77 ਗੇਂਦਾਂ ਵਿੱਚ 129 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਸ਼ੈਫਾਲੀ ਨੇ ਮਹਿਲਾ ਏਸ਼ੀਆ ਕੱਪ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ਦਾ ਰਿਕਾਰਡ ਬਣਾਉਂਦਿਆਂ ਮਹਿਜ਼ 24 ਗੇਂਦਾਂ ਵਿੱਚ ਆਪਣੀ ਫ਼ਿਫਟੀ ਪੂਰੀ ਕੀਤੀ।
ਸ਼ੁਰੂਆਤੀ ਓਵਰਾਂ ਵਿੱਚ ਭਾਰਤੀ ਟੀਮ ਨੇ ਪਾਵਰਪਲੇਅ ਵਿੱਚ ਬਿਨਾਂ ਕਿਸੇ ਨੁਕਸਾਨ ਦੇ 57 ਦੌੜਾਂ ਬਣਾਈਆਂ ਅਤੇ 10 ਓਵਰਾਂ ਤੱਕ ਸਕੋਰ 98 ਦੌੜਾਂ ਤੱਕ ਪਹੁੰਚ ਗਿਆ ਸੀ। ਸਮ੍ਰਿਤੀ ਮੰਧਾਨਾ ਨੇ ਵੀ 35 ਗੇਂਦਾਂ ਵਿੱਚ ਆਪਣਾ 36ਵਾਂ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਪੂਰਾ ਕੀਤਾ।
ਸ਼ੈਫਾਲੀ ਅਤੇ ਮੰਧਾਨਾ ਦੇ ਆਊਟ ਹੋਣ ਤੋਂ ਬਾਅਦ ਸ੍ਰੀਲੰਕਾਈ ਗੇਂਦਬਾਜ਼ਾਂ ਨੇ ਮੈਚ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਭਾਰਤੀ ਟੀਮ ਨੂੰ 200 ਦੌੜਾਂ ਤੱਕ ਪਹੁੰਚਣ ਤੋਂ ਰੋਕ ਦਿੱਤਾ। 15 ਓਵਰਾਂ ਤੱਕ ਭਾਰਤ ਦਾ ਸਕੋਰ 2 ਵਿਕਟਾਂ ‘ਤੇ 140 ਦੌੜਾਂ ਸੀ ਪਰ ਆਖ਼ਰੀ 5 ਓਵਰਾਂ ਵਿੱਚ ਸਿਰਫ਼ 43 ਦੌੜਾਂ ਹੀ ਬਣ ਸਕੀਆਂ। ਰਿਚਾ ਘੋਸ਼ (17) ਅਤੇ ਕਪਤਾਨ ਹਰਮਨਪ੍ਰੀਤ ਕੌਰ (14) ਵੱਡੇ ਸ਼ਾਟ ਖੇਡਣ ਦੇ ਚੱਕਰ ਵਿੱਚ ਆਊਟ ਹੋ ਗਈਆਂ। ਹਾਲਾਂਕਿ, ਅੰਤ ਵਿੱਚ ਜੀ. ਕਮਾਲਿਨੀ ਨੇ ਨਾਬਾਦ 15 ਦੌੜਾਂ (5 ਗੇਂਦਾਂ) ਦੀ ਤੇਜ਼ ਪਾਰੀ ਖੇਡਦਿਆਂ ਆਖ਼ਰੀ ਦੋ ਗੇਂਦਾਂ ‘ਤੇ ਚੌਕਾ ਅਤੇ ਛੱਕਾ ਜੜ ਕੇ ਟੀਮ ਦਾ ਸਕੋਰ 183 ਦੌੜਾਂ ਤੱਕ ਪਹੁੰਚਾਇਆ।

