ਸਿਡਨੀ : ਆਸਟਰੇਲੀਆ ਵਿੱਚ ਫੈਡਰਲ ਸਰਕਾਰ ਦੀ ਆਰਥਿਕ ਕਾਰਗੁਜ਼ਾਰੀ ਨੂੰ ਲੈ ਕੇ ਵੋਟਰਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਇੱਕ ਤਾਜ਼ਾ ਸਰਵੇਖਣ ਅਨੁਸਾਰ 74 ਫ਼ੀਸਦੀ ਵੋਟਰਾਂ ਨੂੰ ਦੇਸ਼ ਦੇ ਫੈਡਰਲ ਕਰਜ਼ੇ ਦੀ ਚਿੰਤਾ ਹੈ, ਜਦੋਂ ਕਿ 48 ਫ਼ੀਸਦੀ ਦਾ ਮੰਨਣਾ ਹੈ ਕਿ ਸਰਕਾਰ ਨੂੰ ਸਰਕਾਰੀ ਖ਼ਰਚਿਆਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਕਰੀਬ 2250 ਲੋਕਾਂ ਦੇ ਸਰਵੇਖਣ ਵਿੱਚ ਸਿਰਫ਼ 23 ਫ਼ੀਸਦੀ ਨੇ ਕਿਹਾ ਕਿ ਲੇਬਰ ਸਰਕਾਰ ਆਰਥਿਕਤਾ ਸੰਭਾਲਣ ਲਈ ਸਭ ਤੋਂ ਬਿਹਤਰ ਹੈ। ਲਿਬਰਲ ਪਾਰਟੀ 27 ਫ਼ੀਸਦੀ ਨਾਲ ਪਹਿਲੇ ਸਥਾਨ ’ਤੇ ਰਹੀ, ਜਦੋਂ ਕਿ ‘ਵਨ ਨੇਸ਼ਨ’ 21 ਫ਼ੀਸਦੀ ਨਾਲ ਲੇਬਰ ਦੇ ਬਿਲਕੁਲ ਨੇੜੇ ਪਹੁੰਚ ਗਈ ਹੈ।
ਪ੍ਰਧਾਨ ਮੰਤਰੀ Anthony Albanese ਲਈ ਵੀ ਇਹ ਅੰਕੜੇ ਚਿੰਤਾਜਨਕ ਹਨ। 23 ਫ਼ੀਸਦੀ ਵੋਟਰਾਂ ਨੇ ਕਿਹਾ ਕਿ ਬਜਟ ਵਿੱਚ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਉਨ੍ਹਾਂ ਦਾ ਅਲਬਾਨੀਜ਼ (Albanese ) ’ਤੇ ਭਰੋਸਾ ਘਟਿਆ ਹੈ। ਜਦੋਂ ਕਿ 34 ਫ਼ੀਸਦੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ’ਤੇ ਭਰੋਸਾ ਨਹੀਂ ਕਰਦੇ ਸਨ, ਕੇਵਲ 26 ਫ਼ੀਸਦੀ ਨੇ ਅਜੇ ਵੀ ਭਰੋਸਾ ਜਤਾਇਆ ਹੈ। ਅਲਬਾਨੀਜ਼ (Albanese) ਦੀ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਰੇਟਿੰਗ ਇੱਕ ਮਹੀਨੇ ਵਿੱਚ 3 ਅੰਕ ਘਟ ਕੇ 29 ਫ਼ੀਸਦੀ ਰਹਿ ਗਈ ਹੈ।

