Punjab Power Crisis: ਅਣਐਲਾਨੇ ਬਿਜਲੀ ਕੱਟਾਂ ਨੂੰ ‘ਐਤਵਾਰੀ ਢਾਰਸ’

Punjab Power Crisis: ਅਣਐਲਾਨੇ ਬਿਜਲੀ ਕੱਟਾਂ ਨੂੰ ‘ਐਤਵਾਰੀ ਢਾਰਸ’

ਚੰਡੀਗਡ਼੍ਹ : ਪੰਜਾਬ ਵਿੱਚ ਐਤਵਾਰ ਦੀ ਛੁੱਟੀ ਅਤੇ ਕਈ ਥਾਵਾਂ ’ਤੇ ਪਏ ਹਲਕੇ ਮੀਂਹ ਕਰ ਕੇ ਲੋਕਾਂ ਨੂੰ ਅਣਐਲਾਨੇ ਬਿਜਲੀ ਕੱਟਾਂ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ। ਅੱਜ ਸੂਬੇ ਵਿੱਚ ਬਿਜਲੀ ਦਾ ਕੁੱਲ ਲੋਡ 15,560 ਮੈਗਾਵਾਟ ਰਿਹਾ, ਪਰ ਫਿਰ ਵੀ ਅਣਐਲਾਨੇ ਕੱਟਾਂ ਦੀਆਂ ਸ਼ਿਕਾਇਤਾਂ ਬਹੁਤ ਘੱਟ ਆਈਆਂ। ਉੱਧਰ, ਤਲਵੰਡੀ ਸਾਬੋ ਤਾਪ ਬਿਜਲੀ ਘਰ ਦਾ ਤੀਜਾ ਯੂਨਿਟ ਵੀ ਅੱਜ ਸ਼ਾਮ ਚੱਲਣ ਨਾਲ ਹੁਣ ਸਮੁੱਚੇ ਥਰਮਲਾਂ ਦੇ ਸਾਰੇ 15 ਯੂਨਿਟਾਂ ਤੋਂ ਬਿਜਲੀ ਪੈਦਾਵਾਰ ਸ਼ੁਰੂ ਹੋ ਗਈ ਹੈ। ਅੱਜ ਸ਼ਾਮ ਪੰਜਾਬ ਦੇ ਸਾਰੇ ਤਾਪ ਬਿਜਲੀ ਘਰਾਂ ਤੇ ਹੋਰਨਾਂ ਸਰੋਤਾਂ ਤੋਂ 5,251 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋਈ। ਛੁੱਟੀ ਕਾਰਨ ਬਾਜ਼ਾਰ ਅਤੇ ਸਨਅਤਾਂ ਬੰਦ ਰਹਿਣ ਨਾਲ ਵੀ ਬਿਜਲੀ ਦੀ ਖਪਤ ਵਿੱਚ ਕਾਫੀ ਕਮੀ ਆਈ ਹੈ। ਸਾਈਕਲ ਸਨਅਤ ਐਸੋਸੀਏਸ਼ਨ ਲੁਧਿਆਣਾ ਦੇ ਡੀ ਐੱਸ ਚਾਵਲਾ ਨੇ ਕਿਹਾ ਕਿ ਐਤਵਾਰ ਨੂੰ ਸਨਅਤਾਂ ’ਚ ਛੁੱਟੀ ਹੁੰਦੀ ਹੈ ਪਰ ਪਿਛਲੇ ਦਿਨਾਂ ਤੋਂ ਅਣਐਲਾਨੇ ਕੱਟ ਲਾਏ ਜਾ ਰਹੇ ਹਨ, ਜਿਸ ਲਈ ਕੋਈ ਨਾ ਕੋਈ ਬਹਾਨਾ ਘੜ ਲਿਆ ਜਾਂਦਾ ਹੈ।

ਬੀਤੇ ਦਿਨ ਪੰਜਾਬ ’ਚ ਸਨਅਤੀ ਫੀਡਰਾਂ (ਕੈਟਾਗਰੀ-2) ਅਤੇ ਕੈਟਾਗਰੀ-3 ਸਨਅਤੀ ਫੀਡਰਾਂ ’ਚ 13.15 ਘੰਟੇ ਦਾ ਬਿਜਲੀ ਕੱਟ ਲਾਇਆ ਗਿਆ। ਇਸੇ ਤਰ੍ਹਾਂ ਸਰਹੱਦੀ ਖੇਤਰ ’ਚ ਖੇਤੀ ਨੂੰ 5.30 ਘੰਟੇ ਹੀ ਬਿਜਲੀ ਦਿੱਤੀ ਗਈ ਅਤੇ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਵੀ ਡੇਢ ਘੰਟਾ ਬਿਜਲੀ ਕੱਟ ਲੱਗੇ। ਅੱਜ ਬਿਜਲੀ ਦੀ ਸਪਲਾਈ ’ਚ ਸੁਧਾਰ ਦੇਖਣ ਨੂੰ ਮਿਲਿਆ। ਖੇਤੀ ਸੈਕਟਰ ਦੀ ਬਿਜਲੀ ਸਪਲਾਈ ਦੇਣ ਲਈ ਅੱਜ ਪਾਵਰਕੌਮ ਨੇ ਜ਼ੋਰ ਲਾਇਆ। ਇਸੇ ਦੌਰਾਨ ਕੋਲਾ ਸਪਲਾਈ ’ਚ ਵੀ ਮਾਮੂਲੀ ਫ਼ਰਕ ਪਿਆ ਹੈ।

ਰਾਜਪੁਰਾ ਥਰਮਲ ’ਚ ਕੋਲੇ ਦਾ ਭੰਡਾਰ ਅੱਠ ਦਿਨ ਦਾ ਹੋ ਗਿਆ ਹੈ। ਬੀਤੇ ਦਿਨ ਇੱਥੇ 23,656 ਮੀਟਰਿਕ ਟਨ ਕੋਲਾ ਪੁੱਜਿਆ। ਇਸੇ ਤਰ੍ਹਾਂ ਰੋਪੜ ਥਰਮਲ ’ਚ ਕੋਲੇ ਦਾ ਭੰਡਾਰ ਹੁਣ 30 ਦਿਨਾਂ ਦਾ ਹੋ ਗਿਆ ਹੈ। ਤਲਵੰਡੀ ਸਾਬੋ ਥਰਮਲ ਕੋਲ ਚਾਰ ਦਿਨਾਂ ਦਾ ਸਟਾਕ ਪਿਆ ਹੈ। ਪੰਜਾਬ ਦੇ ਆਪਣੇ ਤਾਪ ਬਿਜਲੀ ਘਰਾਂ ਅਤੇ ਆਪਣੇ ਹੋਰ ਸਰੋਤਾਂ ਤੋਂ ਬਿਜਲੀ ਪੈਦਾਵਾਰ ਪੰਜ ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ।

ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ 16 ਨੂੰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ 16 ਸਤੰਬਰ ਨੂੰ ਸੂਬੇ ਭਰ ਵਿਚ ਹਲਕਾ ਪੱਧਰ ’ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ 10-10 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ ਜਿਸ ਕਾਰਨ ਵਪਾਰਕ ਅਦਾਰਿਆਂ ਤੇ ਉਦਯੋਗਾਂ ਨੂੰ ਘਾਟੇ ਝੱਲਣੇ ਪੈ ਰਹੇ ਹਨ। ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਜਵਾਬ ਦੇਣ ਕਿ ਉਹ ਸੂਬੇ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਢੁਕਵੇਂ ਪ੍ਰਬੰਧ ਕਰਨ ਵਿਚ ਨਾਕਾਮ ਕਿਉਂ ਸਾਬਤ ਹੋਏ ਹਨ।

ਬਿਜਲੀ ਸੰਕਟ ਖ਼ਤਮ ਹੋਣ ਦੀ ਆਸ ਬੱਝੀ

ਮਾਨਸਾ: ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਿਹਾ ਬਿਜਲੀ ਸੰਕਟ ਹੁਣ ਖ਼ਤਮ ਹੋਣ ਦੀ ਸੰਭਾਵਨਾ ਬਣ ਗਈ ਹੈ। ਮਾਨਸਾ ਨੇੜਲੇ ਪਿੰਡ ਬਣਾਂਵਾਲਾ ਅਤੇ ਰਾਜਪੁਰਾ ਨੇੜਲੇ ਨਾਭਾ ਥਰਮਲ ਪਲਾਂਟ ਦੇ ਸਾਰੇ ਯੂਨਿਟਾਂ ਨੇ ਅੱਜ ਦੇਰ ਸ਼ਾਮ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਨੂੰ ਸਭ ਤੋਂ ਵੱਧ ਬਿਜਲੀ ਦੇਣ ਵਾਲੇ ਇਨ੍ਹਾਂ ਦੋਵੇਂ ਪਲਾਂਟਾਂ ਦਾ ਇੱਕ-ਇੱਕ ਯੂਨਿਟ ਪਿਛਲੇ ਤਿੰਨ ਦਿਨਾਂ ਤੋਂ ਤਕਨੀਕੀ ਨੁਕਸ ਕਾਰਨ ਬੰਦ ਪਿਆ ਸੀ। ਵੇਦਾਂਤਾ ਗਰੁੱਪ ਦੇ ਬਣਾਂਵਾਲਾ ਪਲਾਂਟ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ, ਜਦਕਿ ਨਾਭਾ ਪਲਾਂਟ ਦੀ ਸਮਰੱਥਾ 1400 ਮੈਗਾਵਾਟ ਹੈ। ਬਣਾਂਵਾਲਾ ਪਲਾਂਟ ਦੇ ਤਰਜਮਾਨ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਉਤਪਾਦਨ ਪ੍ਰਭਾਵਿਤ ਹੋਣ ਦਾ ਕੋਈ ਖ਼ਤਰਾ ਨਹੀਂ ਹੈ। ਨਾਭਾ ਪਲਾਂਟ ਵਿੱਚ ਵੀ ਕਈ ਦਿਨਾਂ ਤੋਂ ਬੰਦ ਪਏ ਯੂਨਿਟ ਦਾ ਨੁਕਸ ਕੱਢ ਲਿਆ ਗਿਆ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਦੂਜੇ ਪਾਸੇ, ਸਰਕਾਰੀ ਖੇਤਰ ਦੇ ਥਰਮਲ ਪਲਾਂਟ ਵੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ। 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹੱਬਤ ਪਲਾਂਟ ਦੇ ਚਾਰੇ ਯੂਨਿਟ ਕ੍ਰਮਵਾਰ 157, 186, 237 ਅਤੇ 232 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਇਸੇ ਤਰ੍ਹਾਂ 540 ਮੈਗਾਵਾਟ ਵਾਲੇ ਗੋਇੰਦਵਾਲ ਸਾਹਿਬ ਪਲਾਂਟ ਦੇ ਦੋਵੇਂ ਯੂਨਿਟ 256 ਅਤੇ 248 ਮੈਗਾਵਾਟ ਬਿਜਲੀ ਦੇ ਰਹੇ ਹਨ। ਹਾਲਾਂਕਿ, 840 ਮੈਗਾਵਾਟ ਵਾਲੇ ਰੋਪੜ ਥਰਮਲ ਪਲਾਂਟ ਦਾ ਛੇਵਾਂ ਯੂਨਿਟ ਹਾਲੇ ਵੀ ਬੰਦ ਹੈ, ਪਰ ਇਸ ਦੇ ਬਾਕੀ ਤਿੰਨ ਯੂਨਿਟ (3, 4 ਅਤੇ 5) ਕ੍ਰਮਵਾਰ 136, 132 ਅਤੇ 96 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।

Share: