ਚੰਡੀਗਡ਼੍ਹ/ਮੁਹਾਲੀ : ਚੰਡੀਗੜ੍ਹ ਅਤੇ ਮੁਹਾਲੀ ਵਿੱਚ ਅੱਜ ਬਾਅਦ ਦੁਪਹਿਰ ਪਏ ਭਰਵੇਂ ਮੀਂਹ ਕਾਰਨ ਸੜਕਾਂ ਜਲਥਲ ਹੋ ਗਈਆਂ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਮੀਂਹ ਮਗਰੋਂ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਪਰ ਥਾਂ-ਥਾਂ ਖੜ੍ਹੇ ਪਾਣੀ ਕਾਰਨ ਲੋਕ ਨਾਕਸ ਪ੍ਰਬੰਧਾਂ ਲਈ ਪ੍ਰਸ਼ਾਸਨ ਨੂੰ ਭੰਡਦੇ ਨਜ਼ਰ ਆਏ। ਮੁਹਾਲੀ ਦੇ ਫੇਜ਼-10 ਵਿੱਚ ਸੀਵਰੇਜ ਲਾਈਨ ਲਈ ਪੁੱਟੀ ਥਾਂ ਵਿੱਚ ਖੜ੍ਹੇ ਪਾਣੀ ’ਚ ਕਾਰ ਧਸ ਗਈ। ਫੇਜ਼ ਦੋ ਦੇ ਰਿਹਾਇਸ਼ੀ ਖੇਤਰਾਂ ਅਤੇ ਮਾਰਕੀਟ ਵਿੱਚ ਪਾਣੀ ਭਰ ਗਿਆ। ਏਅਰਪੋਰਟ ਖੇਤਰ ਵਿੱਚ ਭਾਰੀ ਮੀਂਹ ਕਾਰਨ ਜਹਾਜ਼ਾਂ ਦੀ ਉਡਾਣਾਂ ’ਤੇ ਵੀ ਅਸਰ ਪਿਆ। ਖਰੜ ਦੇ ਵਾਰਡ ਨੰਬਰ 16 ਵਿੱਚ ਮੀਂਹ ਅਤੇ ਡਰੇਨਜ਼ ਦੇ ਪਾਣੀ ਵਿੱਚ ਡੁੱਬਣ ਕਾਰਨ ਪਰਵਾਸੀ ਮਜ਼ਦੂਰ ਪਰਿਵਾਰ ਦੇ ਦੋ-ਢਾਈ ਸਾਲਾ ਬੱਚੇ ਦੀ ਮੌਤ ਹੋ ਗਈ। ਪਰਿਵਾਰ ਗੁੱਗਾ ਮਾੜੀ ਨੇੜੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਮ੍ਰਿਤਕ ਬੱਚੇ ਦੀ ਪਛਾਣ ਦੇਵਾ ਪੁੱਤਰ ਬਸੰਤ ਸਾਹ ਵਜੋਂ ਹੋਈ ਹੈ। ਦੇਵਾ ਦੀ ਤਾਈ ਰੀਟਾ ਨੇ ਦੱਸਿਆ ਕਿ ਮੀਂਹ ਅਤੇ ਡਰੇਨਜ਼ ਦਾ ਪਾਣੀ ਇੱਕ ਦਮ ਘਰ ਵਿੱਚ ਭਰ ਗਿਆ। ਬੱਚਾ ਇਸ ਸਮੇਂ ਕਮਰੇ ਵਿਚਲੇ ਬੈੱਡ ’ਤੇ ਸੁੱਤਾ ਪਿਆ ਸੀ।
ਉਸ ਦੀ ਮਾਂ ਘਰ ਦਾ ਸਾਮਾਨ ਪਾਣੀ ਤੋਂ ਬਚਾਉਣ ਲਈ ਉੱਪਰ ਰੱਖ ਰਹੀ ਸੀ। ਪਾਣੀ ਕਾਰਨ ਬੱਚਾ ਬੈੱਡ ਤੋਂ ਥੱਲੇ ਡਿੱਗ ਗਿਆ ਅਤੇ ਪਾਣੀ ’ਚ ਡੁੱਬਣ ਕਾਰਨ ਉਸ ਦੀ ਤੁਰੰਤ ਮੌਤ ਹੋ ਗਈ।
ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲੀਸ ਨੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ, ਜਿੱਥੇ ਸੋਮਵਾਰ ਨੂੰ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਮੌਕੇ ’ਤੇ ਮੌਜੂਦ ਲੋਕਾਂ ਅਤੇ ਪਰਿਵਾਰ ਨੇ ਘਟਨਾ ਲਈ ਨਗਰ ਕੌਂਸਲ ਦੇ ਪ੍ਰਬੰਧਾਂ ਨੂੰ ਜ਼ਿੰਮੇਵਾਰ ਦੱਸਿਆ। ਸਬੰਧਿਤ ਥਾਂ ਤੋਂ ਪਾਣੀ ਕਢਾਉਣ ਲਈ ਕੌਂਸਲ ਵੱਲੋਂ ਘਟਨਾ ਵਾਪਰਨ ਤੋਂ ਬਾਅਦ ਟਰੈਕਟਰ ਅਤੇ ਪੰਪ ਭੇਜਿਆ ਗਿਆ।
ਘਟਨਾ ਤੋਂ ਬਾਅਦ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨਗਰ ਕੌਂਸਲ ਤੇ ਪ੍ਰਸ਼ਾਸਨ ਨੂੰ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਦੱਸਦਿਆਂ ਪਰਚਾ ਦਰਜ ਕਰਨ ਦੀ ਮੰਗ ਕੀਤੀ। ਡੀ ਐੱਸ ਪੀ ਖਰੜ ਇਸ਼ਾਨ ਸਿੰਗਲਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੇ ਕੋਈ ਦੋਸ਼ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 38.3 ਐੱਮ ਐੱਮ ਮੀਂਹ ਪਿਆ, ਜਦੋਂ ਕਿ ਚੰਡੀਗੜ੍ਹ ਏਅਰਪੋਰਟ ਨਾਲ ਲਗਦੇ ਇਲਾਕੇ ਵਿੱਚ 121 ਐੱਮ ਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਤਾਪਮਾਨ ਵਿੱਚ 24 ਘੰਟਿਆਂ ਦੌਰਾਨ 2 ਡਿਗਰੀ ਸੈਲਸੀਅਤ ਤਾਪਮਾਨ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24.9 ਡਿਗਰੀ ਸੈਲਸੀਅਸ ਦਰਜ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਹਿਲਾਂ ਤਿੱਖੀ ਧੁੱਪ ਨਿਕਲੀ, ਜਿਸ ਤੋਂ ਬਾਅਦ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ ਅਤੇ ਕਾਲੇ ਬੱਦਲ ਛਾ ਗਏ। ਸੰਘਣੀ ਬੱਦਲਵਾਈ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਤੋਂ ਬਾਅਦ ਦੁਪਹਿਰੇ 12 ਤੋਂ 1 ਵਜੇ ਦਰਮਿਆਣਾ ਸ਼ਹਿਰ ਵਿੱਚ ਟੁੱਟਵਾਂ ਮੀਂਹ ਪੈਣਾ ਸ਼ੁਰੂ ਹੋ ਗਿਆ, ਜੋ ਕਿ ਲਗਾਤਾਰ ਡੇਢ ਤੋਂ ਦੋ ਘੰਟੇ ਤੱਕ ਪੈਂਦਾ ਰਿਹਾ ਹੈ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਰ ਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਮੀਂਹ ਦੇ ਨਾਲ ਕੜਕ ਰਹੀ ਬਿਜਲੀ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ। ਮੀਂਹ ਕਰ ਕੇ ਸ਼ਹਿਰ ਦੇ ਪਿੰਡਾਂ ਤੇ ਕਲੋਨੀਆਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਲੋਕ ਮੁਸੀਬਤਾਂ ’ਚ ਘਿਰ ਗਏ।
ਮੀਂਹ ਤੋਂ ਬਾਅਦ ਸ਼ਹਿਰ ਦਾ ਮੌਸਮ ਖੁਸ਼ਗਵਾਰ ਹੋ ਗਿਆ, ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ 17 ਸਤੰਬਰ ਤੱਕ ਚੰਡੀਗੜ੍ਹ ਵਿੱਚ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਅਗਲੇ ਚਾਰ ਦਿਨਾਂ ਲਈ ਸ਼ਹਿਰ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਤੇਜ਼ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
ਨਿਕਾਸੀ ਪ੍ਰਬੰਧਾਂ ਦੀ ਪੋਲ ਖੱਲ੍ਹੀ
ਡੇਰਾਬਸੀ : ਦੋ ਘੰਟਿਆਂ ਦੇ ਮੀਂਹ ਮਗਰੋਂ ਡੇਰਾਬਸੀ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਜਲਥਲ ਦੀ ਸਥਿਤੀ ਬਣ ਗਈ। ਡੇਰਾਬਸੀ-ਬਰਵਾਲਾ ਰੋਡ ’ਤੇ ਸਥਿਤ ਗੁਰਬਖ਼ਸ਼ ਕਲੋਨੀ ਵਿੱਚ ਹਾਲਾਤ ਸਭ ਤੋਂ ਮਾੜੇ ਰਹੇ, ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਪਾਣੀ ਨਾਲ ਭਰ ਗਈਆਂ। ਪਾਣੀ ਘਰਾਂ ਅਤੇ ਦੁਕਾਨਾਂ ਦੇ ਬਾਹਰ ਤੱਕ ਪਹੁੰਚਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਲੋਨੀ ਵਾਸੀਆਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹਰ ਸਾਲ ਮੌਨਸੂਨ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਬਰਸਾਤ ਪੈਣ ’ਤੇ ਨਿਕਾਸੀ ਪ੍ਰਬੰਧਾਂ ਦੀ ਅਸਲ ਸਥਿਤੀ ਸਾਹਮਣੇ ਆ ਜਾਂਦੀ ਹੈ। ਲੋਕਾਂ ਨੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨ ਅਤੇ ਡਰੇਨੇਜ਼ ਪ੍ਰਣਾਲੀ ਦਰੁਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਕੀਤਾ ਜਾਵੇਗਾ।
ਸ਼ਿਵਾਲਿਕ ਵਿਹਾਰ ਸਣੇ ਕਈ ਕਲੋਨੀਆਂ ’ਚ ਪਾਣੀ ਭਰਿਆ
ਜ਼ੀਰਕਪੁਰ: ਸ਼ਹਿਰ ਵਿੱਚ ਅੱਜ ਦੁਪਹਿਰ ਵੇਲੇ ਕਰੀਬ ਢਾਈ-ਤਿੰਨ ਘੰਟੇ ਤੱਕ ਪਏ ਭਰਵੇਂ ਮੀਂਹ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਭਾਰੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਵਾਰਡ ਨੰਬਰ 27 ਅਧੀਨ ਆਉਂਦੇ ਸ਼ਿਵਾਲਿਕ ਵਿਹਾਰ, ਸ਼ਿਵਾ ਐਨਕਲੇਵ ਅਤੇ ਏ ਕੇ ਐੱਸ-2 ਕਲੋਨੀ ਸਣੇ ਆਸ-ਪਾਸ ਦੇ ਖੇਤਰ ਰਹੇ, ਜਿੱਥੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਸੜਕਾਂ ਅਤੇ ਗਲੀਆਂ ਪਾਣੀ ਨਾਲ ਭਰ ਗਈਆਂ। ਕਈ ਥਾਵਾਂ ’ਤੇ ਪਾਣੀ ਘਰਾਂ ਵਿੱਚ ਵੀ ਦਾਖ਼ਲ ਹੋ ਗਿਆ, ਜਦਕਿ ਕੁਝ ਵਸਨੀਕਾਂ ਨੂੰ ਕਈ ਘੰਟਿਆਂ ਤੱਕ ਘਰਾਂ ਵਿੱਚ ਹੀ ਰਹਿਣਾ ਪਿਆ। ਲੰਮੇ ਸਮੇਂ ਤੱਕ ਪਾਣੀ ਖੜ੍ਹਾ ਰਹਿਣ ਕਾਰਨ ਇਲਾਕਾ ਵਾਸੀਆਂ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ। ਲੋਕਾਂ ਨੇ ਸਮੱਸਿਆ ਦਾ ਸਥਾਈ ਹੱਲ ਨਾ ਕੱਢਣ ’ਤੇ ਰੋਸ ਜਤਾਇਆ। ਇਸ ਤੋਂ ਇਲਾਵਾ ਸਹਿਰ ਦੀਆਂ ਸੜਕਾਂ ਤੇ ਪਾਣੀ ਭਰਨ ਕਾਰਨ ਉਨ੍ਹਾਂ ਨੇ ਛੱਪੜ ਦਾ ਰੂਪ ਧਾਰ ਲਿਆ। ਇੱਥੋਂ ਦੀ ਚੰਡੀਗੜ੍ਹ ਅੰਬਾਲਾ ਕੌਮੀ ਮਾਰਗ, ਪਟਿਆਲਾ ਰੋਡ ਅਤੇ ਪੰਚਕੂਲਾ ਸੜਕ ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਲੋਕਾਂ ਨੇ ਦੱਸਿਆ ਕਿ ਨਾਲੀਆਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀਆਂ ਪਾਈਪਲਾਈਨਾਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ। ਸ਼ਿਵਾਲਿਕ ਵਿਹਾਰ ਵਿੱਚ ਸੜਕ ’ਤੇ ਖੜ੍ਹੇ ਪਾਣੀ ਕਾਰਨ ਸਕੂਟਰ ਸਵਾਰ ਟੋਏ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਦੀ ਲੱਤ ’ਤੇ ਸੱਟ ਲੱਗੀ। ਪਟਿਆਲਾ ਰੋਡ ’ਤੇ ਹੋਟਲ ਰੈਡੀਸਨ ਦੇ ਸਾਹਮਣੇ ਸੜਕ ’ਤੇ ਪਾਣੀ ਖੜ੍ਹ ਗਿਆ। ਬਲਟਾਣਾ ਦੇ ਮੁੱਖ ਬਾਜ਼ਾਰ, ਲੋਹਗੜ੍ਹ ਵਿੱਚ ਵਿਸ਼ਵਕਰਮਾ ਮੰਦਰ ਨੇੜੇ ਅਤੇ ਲੋਹਗੜ੍ਹ ਪਾਰਕ ਰੋਡ ’ਤੇ ਵੀ ਸੜਕਾਂ ਪਾਣੀ-ਪਾਣੀ ਨਜ਼ਰ ਆਈਆਂ। ਇਸੇ ਤਰ੍ਹਾਂ ਵੀ ਆਈ ਪੀ ਰੋਡ ’ਤੇ ਕਈ ਸੁਸਾਇਟੀਆਂ ਦੇ ਬਾਹਰ ਪਾਣੀ ਖੜ੍ਹ ਗਿਆ। ਇਲਾਕਾ ਵਾਸੀਆਂ ਨੇ ਨਗਰ ਕੌਂਸਲ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀ ਵਿਵਸਥਾ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ।

