Punjab ਪੁਲੀਸ ਨੇ ਯੂਰਪ ਤੋਂ ਹਵਾਲਗੀ ਕਰਕੇ ਲਿਆਂਦਾ ਗਿਆ ਗੈਂਗਸਟਰ ਅੰਮ੍ਰਿਤ ਦਾਲਮ

Punjab ਪੁਲੀਸ ਨੇ ਯੂਰਪ ਤੋਂ ਹਵਾਲਗੀ ਕਰਕੇ ਲਿਆਂਦਾ ਗਿਆ ਗੈਂਗਸਟਰ ਅੰਮ੍ਰਿਤ ਦਾਲਮ

ਚੰਡੀਗੜ੍ਹ : ਯੂਰਪੀ ਦੇਸ਼ ਤੋਂ ਪਹਿਲੀ ਵਾਰ ਹਵਾਲਗੀ ਕਰਦਿਆਂ ਪੰਜਾਬ ਪੁਲੀਸ ਨੇ ਸ਼ੁੱਕਰਵਾਰ ਨੂੰ ਕੇਂਦਰੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਤਾਲਮੇਲ ਕਰਕੇ ਮੋਲਡੋਵਾ ਗਣਰਾਜ ਤੋਂ ਭਗੌੜੇ ਗੈਂਗਸਟਰ ਅੰਮ੍ਰਿਤ ਦਾਲਮ ਨੂੰ ਸਫਲਤਾਪੂਰਵਕ ਵਾਪਸ ਲਿਆਂਦਾ ਹੈ। ਅੰਮ੍ਰਿਤ ‘ਏ’ ਸ਼੍ਰੇਣੀ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਹੈ।  ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦਾਲਮ ਸੱਤ ਕਤਲ ਕੇਸਾਂ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ, ਇਸ ਤੋਂ ਇਲਾਵਾ ਉਸ ਉੱਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਅਰਮਜ਼ ਐਕਟ, ਐਕਸਪਲੋਸਿਵਜ਼ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ।

ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੀ ਚਾਰ ਮੈਂਬਰੀ ਟੀਮ, ਜਿਸ ਦੀ ਅਗਵਾਈ ਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਕੀਤੀ ਅਤੇ ਜਿਸ ਵਿੱਚ ਇੰਸਪੈਕਟਰ ਪੁਸ਼ਵਿੰਦਰ ਸਿੰਘ, ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਅਤੇ ਏਐਸਆਈ ਵਰਿੰਦਰ ਕੁਮਾਰ ਸ਼ਾਮਲ ਸਨ, ਨੇ ਹਵਾਲਗੀ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ।

ਟੀਮ ਨੇ ਅਜ਼ਰਬਾਈਜਾਨ ਵਿੱਚ ਬਾਕੂ ਰਾਹੀਂ ਟਰਾਂਜ਼ਿਟ ਰੂਟ ਰਾਹੀਂ ਮੁਲਜ਼ਮ ਨੂੰ ਲਿਜਾਣ ਤੋਂ ਪਹਿਲਾਂ ਹਵਾਲਗੀ ਦੀਆਂ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਲਈ ਮੋਲਡੋਵਾ ਵਿੱਚ ਸੱਤ ਦਿਨ ਬਿਤਾਏ। ਟੀਮ ਸ਼ੁੱਕਰਵਾਰ ਸਵੇਰੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਅਪਰੇਸ਼ਨ ਫੋਰਸ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਕਿਉਂਕਿ ਇਹ ਕਿਸੇ ਯੂਰਪੀ ਦੇਸ਼ ਤੋਂ ਕਿਸੇ ਭਗੌੜੇ ਦੀ ਪਹਿਲੀ ਸਫਲ ਹਵਾਲਗੀ ਹੈ। ਇਹ ਵਿਦੇਸ਼ਾਂ ਤੋਂ ਅਪਰਾਧ ਚਲਾ ਰਹੇ ਗੈਂਗਸਟਰਾਂ ਦਾ ਪਤਾ ਲਗਾਉਣ ਲਈ ਸੂਬੇ ਦੀ ਪੁਲੀਸ, ਕੇਂਦਰੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਵਧ ਰਹੇ ਤਾਲਮੇਲ ਨੂੰ ਦਰਸਾਉਂਦਾ ਹੈ।

Share: