ਕਾਰਾਂ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ 27 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਕਾਰਾਂ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ 27 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ : ਓਂਟਾਰੀਓ ਦੀ ਪੀਲ ਪੁਲੀਸ ਦੀ ਕੇਂਦਰੀ ਲੁੱਟ ਖੋਹ ਬਿਊਰੋ ਨੇ ਬਰੈਂਪਟਨ ਰਹਿੰਦੇ 27 ਸਾਲਾਂ ਦੇ ਪੰਜਾਬੀ ਨੌਜਵਾਨ ਲਵਪ੍ਰੀਤ ਮਾਨ ਨੂੰ ਕਾਰਾਂ ਲੁੱਟਣ ਦੇ ਯਤਨ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ’ਤੇ ਕਾਰ ’ਚ ਬੈਠੇ ਵਿਅਕਤੀ ’ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਤੇ ਇੱਕ ਹੋਰ ਦੇ ਘਰ ਦਾ ਦਰਵਾਜਾ ਭੰਨ ਕੇ ਉਨ੍ਹਾਂ ਤੋਂ ਕਾਰ ਦੀਆਂ ਚਾਬੀਆਂ ਮੰਗਣ ਦਾ ਦੋਸ਼ ਹੈ।

ਪੁਲੀਸ ਬੁਲਾਰੇ ਨੇ ਦੱਸਿਆ ਕਿ ਬੀਤੇ ਐਤਵਾਰ ਰਾਤ ਸਾਢੇ 10 ਵਜੇ ਮੁਲਜਮ ਨੇ ਬਰੈਂਪਟਨ ਦੀ ਕਰੈਡਿਟ ਵਿਊ ਰੋਡ ਅਤੇ ਕਲਾਕਵਰਕ ਡਰਾਇਵ ਸਥਿੱਤ ਆਪਣੇ ਘਰ ਦੇ ਸਾਹਮਣੇ ਪਹੁੰਚਕੇ ਕਾਰ ਪਾਰਕ ਕਰ ਰਹੇ ਵਿਅਕਤੀ ਨੂੰ ਕਾਰ ਚੋਂ ਬਾਹਰ ਸੁੱਟਣ ਦਾ ਯਤਨ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ, ਪਰ ਵਿਅਕਤੀ ਸਰੀਰਕ ਤੌਰ ਤੇ ਭਾਰਾ ਹੋਣ ਕਰਕੇ ਮੁਲਜ਼ਮ ਉਸਨੂੰ ਕਾਰ ਤੋਂ ਬਾਹਰ ਸੁੱਟ ਕੇ ਕਾਰ ਭਜਾਉਣ ਵਿੱਚ ਨਾਕਾਮ ਰਿਹਾ।
ਉਥੋਂ ਥੋੜੀ ਦੂਰ ਜਾ ਕੇ ਉਸ ਨੇ ਇੱਕ ਹੋਰ ਘਰ ਦੀ ਘੰਟੀ ਵਜਾਈ, ਪਰ ਕਿਸੇ ਵਲੋਂ ਦਰਵਾਜਾ ਨਾ ਖੋਲੇ ਜਾਣ ਤੋਂ ਬਾਅਦ ਉਹ ਦਰਵਾਜਾ ਭੰਨ ਕੇ ਅੰਦਰ ਗਿਆ ਤੇ ਘਰ ਵਾਲਿਆਂ ਤੋਂ ਕਾਰ ਦੀਆਂ ਚਾਬੀਆਂ ਮੰਗੀਆਂ। ਚਾਬੀਆਂ ਨਾ ਮਿਲਣ ਤੇ ਉਹ ਉਥੋਂ ਭੱਜ ਗਿਆ। ਇਸ ਉਪਰੰਤ ਮੁਲਜ਼ਮ ਨੇ ਦੋ ਹੋਰ ਘਰਾਂ ਦੇ ਬਾਹਰ ਖੜੀਆਂ ਕਾਰਾਂ ਦੀ ਭੰਨ ਤੋੜ ਕਰਕੇ ਕਾਰਾਂ ਭਜਾਉਣ ਦੇ ਯਤਨ ਕੀਤੇ ਪਰ ਸਫਲ ਨਾ ਹੋ ਸਕਿਆ।
ਪੁਲੀਸ ਬੁਲਾਰੇ ਨੇ ਦੱਸਿਆ ਸੀਸੀਟੀਵੀ ਕੈਮਰਿਆਂ ਰਾਹੀਂ ਮੁਲਜ਼ਮ ਦੀ ਪਛਾਣ ਕੀਤੀ ਗਈ ਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਉਸ ਵਿਰੁੱਧ ਲੁੱਟ ਖੋਹ, ਜਾਨਲੇਵਾ ਹਮਲਾ, ਗੈਰਕਨੂੰਨੀ ਹਥਿਆਰ ਰੱਖਣ ਅਤੇ ਧਮਕੀਆਂ ਦੇਣ ਦੀਆਂ ਵੱਖ ਵੱਖ ਧਾਰਵਾਂ ਹੇਠ ਮਾਮਲਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਲਵਪ੍ਰੀਤ ਨੂੰ ਜ਼ਮਾਨਤ ਨਾ ਮਿਲਣ ਕਰਕੇ ਜੇਲ ਭੇਜ ਦਿਤਾ ਗਿਆ।
Share: