ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਦੀਆਂ 20 ਸਤੰਬਰ ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ਵਿੱਚ ਸਰਕਾਰੀ ਅਹੁਦੇ ਅਤੇ ਵਿਭਾਗੀ ਪ੍ਰਭਾਵ ਦੀ ਕਥਿਤ ਦੁਰਵਰਤੋਂ ਕਰ ਕੇ ਅਧਿਆਪਕਾਂ ਨੂੰ ਕਿਸੇ ਉਮੀਦਵਾਰ ਦੇ ਹੱਕ ਵਿੱਚ ਪ੍ਰਭਾਵਿਤ ਕਰਨ ਦੇ ਦੋਸ਼ਾਂ ’ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਨੇ ਚਿੰਤਾ ਪ੍ਰਗਟ ਕੀਤੀ ਹੈ। ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਪ੍ਰਿੰਸੀਪਲ ਅਤੇ ਐੱਸ ਸੀ ਈ ਆਰ ਟੀ ਪੰਜਾਬ ਵਿੱਚ ਸਹਾਇਕ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਸ਼ੰਕਰ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਸਰਕਾਰੀ ਅਹੁਦੇ ਅਤੇ ਪ੍ਰਸ਼ਾਸਨਿਕ ਪ੍ਰਭਾਵ ਦੀ ਵਰਤੋਂ ਦੇ ਦੋਸ਼ ਸਾਹਮਣੇ ਆਏ ਹਨ।
ਆਗੂਆਂ ਨੇ ਦੋਸ਼ ਲਾਇਆ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਕੁਝ ਜ਼ਿਲ੍ਹਿਆਂ ਵਿੱਚ ਵਿਭਾਗੀ ਮੀਟਿੰਗਾਂ ਦੇ ਨਾਮ ’ਤੇ ਅਧਿਆਪਕਾਂ ਨੂੰ ਇਕੱਠਾ ਕਰ ਕੇ ਉਕਤ ਉਮੀਦਵਾਰ ਦੇ ਹੱਕ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਐੱਸ ਸੀ ਈ ਆਰ ਟੀ ਨਾਲ ਜੁੜੇ ਡੀ ਆਰ ਸੀ, ਬੀ ਆਰ ਸੀ ਅਤੇ ਸੀ ਆਰ ਸੀ ਪੱਧਰ ਦੇ ਮੁਲਾਜ਼ਮਾਂ ’ਤੇ ਦਬਾਅ ਬਣਾ ਕੇ ਅਧਿਆਪਕਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਹਨ। ਡੀ ਟੀ ਐੱਫ ਨੇ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ।

