ਵੈਨਕੂਵਰ : ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਇੱਕ ਵਕੀਲ ਨੂੰ ਆਪਣੇ ਮੁਵੱਕਿਲਾਂ ਨਾਲ ਜਾਇਦਾਦ ਦੀ ਖ਼ਰੀਦ-ਵੇਚ ਮੌਕੇ ਧੋਖੇ ਨਾਲ 43 ਲੱਖ ਡਾਲਰ (30 ਕਰੋੜ ਰੁਪਏ) ਠੱਗਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਲਾਅ ਸੁਸਾਇਟੀ ਵੱਲੋਂ ਉਸ ਦਾ ਵਕਾਲਤ ਲਾਇਸੈਂਸ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਪੁਲੀਸ ਨੇ ਵਕੀਲ ਦੀ ਪਛਾਣ ਬਰੈਂਪਟਨ ਵਾਸੀ ਪਵਨਜੀਤ ਸਿੰਘ ਮਾਨ (52) ਵਜੋਂ ਜਾਰੀ ਕੀਤੀ ਹੈ, ਜਿਸ ਵੱਲੋਂ ‘ਪੀ ਜੇ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ’ ਨਾਂ ਹੇਠ ਜਾਇਦਾਦ ਖ਼ਰੀਦ-ਵੇਚ ਮਾਮਲਿਆਂ (ਟਰੱਸਟ ਅਕਾਊਂਟ) ਦਾ ਕੰਮ ਕੀਤਾ ਜਾ ਰਿਹਾ ਸੀ। ਪੁਲੀਸ ਨੂੰ ਖ਼ਦਸ਼ਾ ਹੈ ਕਿ ਕਈ ਹੋਰ ਲੋਕ ਵੀ ਉਸ ਤੋਂ ਪੀੜਤ ਹੋ ਸਕਦੇ ਹਨ, ਜਿਨ੍ਹਾਂ ਨੂੰ ਸਾਹਮਣੇ ਆਉਣ ਲਈ ਕਿਹਾ ਗਿਆ ਹੈ।
ਧੋਖਾਧੜੀ ਮਾਮਲਿਆਂ ਨਾਲ ਸਬੰਧਤ ਪੁਲੀਸ ਟੀਮ ਨੇ ਇਸ ਮਾਮਲੇ ਦੀ ਜਾਂਚ ਉਦੋਂ ਸ਼ੁਰੂ ਕੀਤੀ, ਜਦੋਂ ਲਾਅ ਸੁਸਾਇਟੀ ਨੇ ਉਸ ਦਾ ਵਕਾਲਤ ਲਾਇਸੈਂਸ ਰੱਦ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਕਥਿਤ ਦੋਸ਼ੀ ਨੇ ਖ਼ਰੀਦ-ਵੇਚ ਟਰੱਸਟ ਦੇ ਬੈਂਕ ਖ਼ਾਤੇ ਦੀ ਦੁਰਵਰਤੋਂ ਕਰਕੇ ਉਸ ਉੱਤੇ ਭਰੋਸਾ ਕਰਨ ਵਾਲੇ ਜਾਇਦਾਦ ਖ਼ਰੀਦਦਾਰਾਂ ਅਤੇ ਵਿਕਰੇਤਾ ਨਾਲ 43 ਲੱਖ ਡਾਲਰ ਦੀ ਰਕਮ ਠੱਗ ਲਈ ਹੈ। ਪੁਲੀਸ ਨੇ ਉਸ ਦੇ ਵਿਰੁੱਧ ਧੋਖਾਧੜੀ ਨਾਲ ਸਬੰਧਤ ਚਾਰ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਖ਼ਦਸ਼ਾ ਪ੍ਰਗਟਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਹੋਰ ਵੀ ਕੋਈ ਵਿਅਕਤੀ ਇਸ ਵਕੀਲ ਤੋਂ ਪੀੜਤ ਹੈ ਤਾਂ ਉਹ ਪੁਲੀਸ ਨਾਲ ਸੰਪਰਕ ਕਰੇ ਤਾਂ ਜੋ ਉਸ ਵਿਰੁੱਧ ਹੋਰ ਦੋਸ਼ ਆਇਦ ਕੀਤੇ ਜਾ ਸਕਣ। ਪੁਲੀਸ ਨੇ ਆਮ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਖ਼ਰੀਦ-ਵੇਚ ਮਾਮਲਿਆਂ ਮੌਕੇ ਪੈਸੇ ਦਾ ਲੈਣ-ਦੇਣ ਕਰਨ ਤੋਂ ਪਹਿਲਾਂ ਟਰੱਸਟ ਖ਼ਾਤੇ ਚਲਾਉਣ ਵਾਲਿਆਂ ਬਾਰੇ ਲਾਅ ਸੁਸਾਇਟੀ ਤੋਂ ਜਾਣਕਾਰੀ ਹਾਸਲ ਕਰਕੇ ਹੀ ਉਨ੍ਹਾਂ ਨਾਲ ਲੈਣ-ਦੇਣ ਕਰਨ।

