AAP on SAD-BJP Alliance: ਅਕਾਲੀ ਦਲ ਤੇ ਭਾਜਪਾ ਪੰਜਾਬ ’ਚ ਆਪਣੀ ਹੋਂਦ ਬਚਾਉਣ ਲਈ ਜੱਫੀਆਂ ਪਾਉਣ ਨੂੰ ਕਾਹਲੇ: ਧਾਲੀਵਾਲ

AAP on SAD-BJP Alliance: ਅਕਾਲੀ ਦਲ ਤੇ ਭਾਜਪਾ ਪੰਜਾਬ ’ਚ ਆਪਣੀ ਹੋਂਦ ਬਚਾਉਣ ਲਈ ਜੱਫੀਆਂ ਪਾਉਣ ਨੂੰ ਕਾਹਲੇ: ਧਾਲੀਵਾਲ

ਰਮਦਾਸ : ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਮੁੜ ਪੰਜਾਬ ਨੂੰ ਲੁੱਟਣ ਲਈ ਜੱਫੀਆਂ ਪਾਉਣ ਨੂੰ ਕਾਹਲੇ ਨਜ਼ਰ ਆ ਰਹੇ ਹਨ। ਅੱਜ ਸਰਹੱਦੀ ਪਿੰਡ ਦਰਿਆ ਮੂਸਾ ਅਤੇ ਬੇਦੀ ਛੰਨਾਂ ਵਿਖੇ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਜਾਣ ਲਈ ਲੋਕਾਂ ਨੂੰ ਦੋ ਵੱਡੀਆਂ ਬੇੜੀਆਂ ਸੌਂਪਣ ਤੋਂ ਬਾਅਦ ਗੱਲਬਾਤ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਬਚਾਉਣ ਲਈ ਹੁਣ ਗਠਜੋੜ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦੀਆਂ ਮਿੰਨਤਾਂ ਕਰ ਰਿਹਾ ਹੈ ਅਤੇ ਉੱਧਰ ਭਾਜਪਾ ਦੇ ਵੀ ਪੰਜਾਬ ਵਿੱਚ ਪੈਰ ਨਾ ਲੱਗਦੇ ਵੇਖ ਉਹ ਵੀ ਹੱਥ ਮਿਲਾਉਣ ਲਈ ਤਿਆਰ ਬੈਠੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪਾਰਟੀਆਂ ਦਾ ਇੱਕੋ-ਇੱਕ ਮਕਸਦ ਦੇਸ਼ ਅਤੇ ਪੰਜਾਬ ਨੂੰ ਲੁੱਟਣਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਤਰੀਕੇ ਪੰਜਾਬ ਵਿੱਚ ਸੱਤਾ ’ਤੇ ਕਾਬਜ਼ ਹੋ ਕੇ ਅਡਾਨੀਆਂ-ਅੰਬਾਨੀਆਂ ਕੋਲ ਪੰਜਾਬ ਵੇਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਾਂ ਹੁਣ ਬੀਤ ਚੁੱਕਾ ਹੈ ਅਤੇ ਉਹ ਹੁਣ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਮਿੱਟ ਗਏ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਇਹ ਦੋਖੀ ਲੋਕ ਆਪਣੇ ਆਪ ਨੂੰ ਭਗਤ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪਣਾ ਸਿਆਸੀ ਬੇੜਾ ਡੁੱਬਿਆ ਵੇਖ ਹੁਣ ਉਹ ਭਾਜਪਾ ਦੀ ਬੇੜੀ ਵਿੱਚ ਸਵਾਰ ਹੋਣ ਲਈ ਤਰਲੋ-ਮੱਛੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦੋਹਾਂ ਪਾਰਟੀਆਂ ਨੇ ਪੰਜਾਬ ਅਤੇ ਦੇਸ਼ ਨੂੰ ਬਰਬਾਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਲੋਟੂ ਪਾਰਟੀਆਂ ਤੋਂ ਨਿਜ਼ਾਤ ਦਿਵਾਈ ਗਈ ਹੈ ਅਤੇ ਅੱਜ ਲੋਕ ਮੁੜ 27 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਪੰਜਾਬੀ ਅਕਾਲੀਆਂ ਅਤੇ ਭਾਜਪਾ ਨੂੰ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਕੀਤੇ ਪਾਪਾਂ ਕਰਕੇ ਸਿਆਸੀ ਗੁਮਨਾਮੀ ਵਿੱਚ ਭੇਜ ਦੇਣਗੇ। ਧਾਲੀਵਾਲ ਨੇ ਕਿਹਾ ਕਿ ਸਾਢੇ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਉਹ ਲੋਕਾਂ ਨਾਲ ਕੀਤੇ ਹਰ ਇੱਕ ਵਾਅਦੇ ਅਤੇ ਹਰ ਗਾਰੰਟੀ ਨੂੰ ਪੂਰਾ ਕਰਕੇ ਅੱਜ ਲੋਕਾਂ ਦੇ ਸਾਹਮਣੇ ਖੜ੍ਹੇ ਹਨ। ਪੰਜਾਬ ਦੇ ਕੁਝ ਸਿਆਸੀ ਪਰਿਵਾਰਾਂ ਵੱਲੋਂ ਨਿਭਾਈ ਗਈ ਇਤਿਹਾਸਕ ਭੂਮਿਕਾ ਤੋਂ ਲੋਕ ਭਲੀ-ਭਾਂਤ ਜਾਣੂ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਖ਼ਰੀ ਸਾਹਾਂ ’ਤੇ ਹੈ ਅਤੇ ਜਲਦੀ ਹੀ ਸਿਆਸੀ ਅਖਾੜੇ ਵਿੱਚ ਆਪਣਾ ਸਭ ਕੁਝ ਗੁਆ ਚੁੱਕੀ ਹੋਵੇਗੀ। ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਹੱਦੀ ਕਿਸਾਨਾਂ ਨੂੰ ਦਰਿਆ ਤੋਂ ਪਾਰ ਖੇਤੀ ਕਰਨ ਲਈ ਪਹਿਲਾਂ ਇੱਕ ਪੁਲ ਰਾਵੀ ਦਰਿਆ ਉੱਪਰ ਬਣਾ ਕੇ ਦਿੱਤਾ ਗਿਆ ਹੈ ਅਤੇ ਕੁਝ ਹੋਰ ਪਿੰਡਾਂ ਵਿੱਚ ਬੇੜੇ ਵੀ ਦਿੱਤੇ ਗਏ ਹਨ ਤਾਂ ਜੋ ਦਰਿਆ ਤੋਂ ਪਾਰ ਹਜ਼ਾਰਾਂ ਏਕੜ ਜ਼ਮੀਨ ਵਿੱਚ ਕਿਸਾਨ ਆਰਾਮ ਨਾਲ ਖੇਤੀ ਕਰ ਸਕਣ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸੜਕਾਂ, ਖੇਡ ਸਟੇਡੀਅਮ ਅਤੇ ਹੋਰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਹਲਕੇ ਨੂੰ ਨੰਬਰ ਇੱਕ ਉੱਪਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਲਕੇ ਵਿੱਚ ਇੰਨੇ ਵੱਡੇ ਪੱਧਰ ’ਤੇ ਵਿਕਾਸ ਹੋਇਆ ਹੈ।

Share: