ਅੰਮ੍ਰਿਤਸਰ : ਰੱਖੜ ਪੁੰਨਿਆ ਦੇ ਇਤਿਹਾਸਕ ਮੌਕੇ ’ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ 28 ਅਗਸਤ ਨੂੰ ਪੰਜਾਬ ਦੇ ਇੱਕ ਦਿਨਾ ਦੌਰੇ ’ਤੇ ਆਉਣਗੇ। ਇਸ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਤੇ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣਗੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਹ ਇਸ ਮੌਕੇ ਬਾਬਾ ਬਕਾਲਾ ਦੇ ਪਿੰਡ ‘ਉਮਰਾ ਨੰਗਲ’ ਵਿਚ ‘ਕਿਸਾਨ ਚੌਪਾਲ’ ਵਿੱਚ ਅੰਨਦਾਤਾਵਾਂ ਨਾਲ ਸਿੱਧੀ ਗੱਲਬਾਤ ਵੀ ਕਰਨਗੇ। ਅਧਿਕਾਰਤ ਪ੍ਰੋਗਰਾਮ ਅਨੁਸਾਰ ਕੇਂਦਰੀ ਮੰਤਰੀ 28 ਅਗਸਤ ਨੂੰ ਸਵੇਰੇ ਅੰਮ੍ਰਿਤਸਰ ਪਹੁੰਚਣਗੇ। ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣਗੇ ਅਤੇ ਅਸ਼ੀਰਵਾਦ ਲੈਣਗੇ। ਇਸ ਤੋਂ ਬਾਅਦ ਉਹ ਸਿੱਧੇ ਬਾਬਾ ਬਕਾਲਾ ਦੇ ਪਿੰਡ ਉਮਰਾ ਨੰਗਲ ਪਹੁੰਚਣਗੇ, ਜਿੱਥੇ ਸਵੇਰੇ 11 ਵਜੇ ਤੋਂ ਸਥਾਨਕ ਕਿਸਾਨਾਂ ਨਾਲ ‘ਕਿਸਾਨ ਚੌਪਾਲ’ ਵਿੱਚ ਬਹਿ ਕੇ ਖੇਤੀਬਾੜੀ, ਕਿਸਾਨਾਂ ਦੇ ਮੁੱਦਿਆਂ ਅਤੇ ਭਲਾਈ ਯੋਜਨਾਵਾਂ ਬਾਰੇ ਚਰਚਾ ਕਰਨਗੇ।
ਦੁਪਹਿਰ ਸਵਾ 12 ਵਜੇ ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਦਰਸ਼ਨ ਕਰਕੇ ਮੱਥਾ ਟੇਕਣਗੇ। ਇਸ ਮਗਰੋਂ ਉਹ 12:30 ਵਜੇ ਤੋਂ ਰੱਖੜ ਪੁੰਨਿਆ ਦੇ ਮੌਕੇ ’ਤੇ ਮੁੱਖ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਪ੍ਰੋਗਰਾਮ ਸੰਪੰਨ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਦੁਪਹਿਰ 3:30 ਵਜੇ ਅੰਮ੍ਰਿਤਸਰ ਤੋਂ ਭੋਪਾਲ ਰਵਾਨਾ ਹੋਣਗੇ।
ਦੱਸਣਯੋਗ ਹੈ ਕਿ ਪੰਜਾਬ ਭਾਜਪਾ ਵੱਲੋਂ ਰੱਖੜ ਪੁੰਨਿਆਂ ਦੇ ਮੇਲੇ ’ਤੇ ਬਾਬਾ ਬਕਾਲਾ ਵਿਚ ਪਹਿਲੀ ਵਾਰ ਸਿਆਸੀ ਕਾਨਫਰੰਸ ਆਪਣੇ ਤੌਰ ’ਤੇ ਕੀਤੀ ਜਾ ਰਹੀ ਹੈ ਜਿਸ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਭਾਜਪਾ ਆਗੂ ਸ਼ਾਮਲ ਹੋਣਗੇ।
