ਕਾਠਮਾਂਡੂ : ਤਿੱਬਤ ਦੀ ਸਰਹੱਦ ਨਾਲ ਲੱਗਦੇ ਮੱਧ ਨੇਪਾਲ ਦੇ ਜ਼ਿਲ੍ਹਿਆਂ ਵਿੱਚ ਬੁੱਧਵਾਰ ਸਵੇਰੇ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ ਕਰੀਬ 100 ਲੋਕਾਂ ਦੀ ਮੌਤ ਹੋ ਗਈ ਅਤੇ 133 ਭਾਰਤੀਆਂ ਸਮੇਤ 750 ਤੋਂ ਵੱਧ ਲੋਕ ਲਾਪਤਾ ਹਨ। ਹੜ੍ਹਾਂ ਕਾਰਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਪੁਲ ਰੁੜ੍ਹ ਗਏ ਅਤੇ ਘੱਟੋ-ਘੱਟ ਇੱਕ ਦਰਜਨ ਹਾਈਡ੍ਰੋਪਾਵਰ ਪ੍ਰਾਜੈਕਟ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 9 ਵਜੇ ਭੋਟੇ ਕੋਸ਼ੀ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਤਿੱਬਤ ਦੀ ਸਰਹੱਦ ਨਾਲ ਲੱਗਦੇ ਰਸੁਵਾ ਅਤੇ ਧਾਡਿੰਗ ਜ਼ਿਲ੍ਹੇ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਹੜ੍ਹ ਧਾਡਿੰਗ, ਨੁਵਾਕੋਟ ਅਤੇ ਚਿਤਵਨ ਜ਼ਿਲ੍ਹਿਆਂ ਤੱਕ ਫੈਲ ਗਏ, ਜਿਸ ਨਾਲ ਘੱਟੋ-ਘੱਟ ਚਾਰ ਪੱਕੇ ਪੁਲ ਅਤੇ ਕੁਝ ਆਰਜ਼ੀ ਪੁਲ ਨੁਕਸਾਨੇ ਗਏ। ਮੁੱਢਲੀਆਂ ਰਿਪੋਰਟਾਂ ਅਨੁਸਾਰ, ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਇਹ ਹੜ੍ਹ ਨੇਪਾਲ-ਤਿੱਬਤ ਸਰਹੱਦ ਨੇੜੇ ਅਸਥਿਰ ਪਹਾੜੀ ਚੱਟਾਨਾਂ ਖਿਸਕਣ ਕਾਰਨ ਆਏ। ਇਹ ਸਥਾਨ ਤਿੱਬਤ-ਰਸੁਵਾਗੜ੍ਹੀ ਸਰਹੱਦੀ ਖੇਤਰ ਤੋਂ ਕਰੀਬ 20 ਕਿਲੋਮੀਟਰ ਉੱਤਰ-ਪੂਰਬ ਵਿੱਚ ਹੈ।
ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (ਐੱਨ ਡੀ ਆਰ ਆਰ ਐੱਮ ਏ) ਨੇ ਕਿਹਾ ਕਿ ਨੇਪਾਲ-ਤਿੱਬਤ ਸਰਹੱਦ ‘ਤੇ ਸਥਿਤ ਲੇਂਡੇ ਨਦੀ ‘ਚ ਚੱਟਾਨ ਖਿਸਕਣ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਭਿਆਨਕ ਹੜ੍ਹਾਂ ਦਾ ਪਾਣੀ ਅਤੇ ਮਲਬਾ ਤਿਮੂਰ ‘ਚ ਭੋਟੇਕੋਸ਼ੀ ਰਾਹੀਂ ਤ੍ਰਿਸ਼ੂਲੀ ਨਦੀ ਤੱਕ ਫੈਲ ਗਿਆ।
ਨੇਪਾਲ ਸਰਕਾਰ ਨੇ ਕਿਹਾ ਕਿ 95 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਲਗਪਗ 500 ਲੋਕ ਲਾਪਤਾ ਹਨ, ਜਦੋਂ ਕਿ ਚੀਨ ਦੇ ਸਰਕਾਰੀ ਸੀ ਜੀ ਟੀ ਐੱਨ ਨਿਊਜ਼ ਚੈਨਲ ਨੇ ਕਿਹਾ ਕਿ ਸਰਹੱਦ ਦੇ ਚੀਨੀ ਪਾਸੇ ਵੱਲ ਤਿੰਨ ਲੋਕ ਮਾਰੇ ਗਏ ਹਨ ਅਤੇ 265 ਲੋਕ ਲਾਪਤਾ ਹਨ।
ਉੱਥੇ ਹੀ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਨੇਪਾਲ ਦੀ ਫ਼ੌਜ ਦੇ 44 ਜਵਾਨਾਂ ਸਮੇਤ 80 ਸੁਰੱਖਿਆ ਕਰਮੀ ਲਾਪਤਾ ਹਨ।
ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਸੁਵਾ ਜ਼ਿਲ੍ਹਾ ਹੈ, ਜੋ ਕਾਠਮਾਂਡੂ ਤੋਂ ਕਰੀਬ 125 ਕਿਲੋਮੀਟਰ ਉੱਤਰ-ਪੂਰਬ ਵਿੱਚ ਤਿੱਬਤ ਸਰਹੱਦ ਨੇੜੇ ਸਥਿਤ ਹੈ।
ਭਾਰਤੀ ਦੂਤਾਵਾਸ ਨੇ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੀ ਸਹਾਇਤਾ ਅਤੇ ਜਾਣਕਾਰੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ।
ਭਾਰਤੀ ਦੂਤਾਵਾਸ ਨੇ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੇ ਬਚਾਅ ਅਤੇ ਰਾਹਤ ਲਈ ਨੇਪਾਲ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਦੂਤਾਵਾਸ ਨੇ ਕਿਹਾ ਕਿ ਨੇਪਾਲ ਸਰਕਾਰ ਨਾਲ ਤਾਲਮੇਲ ਕਰਕੇ ਬਚਾਅ ਅਤੇ ਰਾਹਤ ਯਤਨਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਨੇਪਾਲ ਟੂਰਿਜ਼ਮ ਬੋਰਡ ਨੇ ਵੀ ਸਹਾਇਤਾ ਲਈ ਟੋਲ-ਫ਼੍ਰੀ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ।

