ਕਾਠਮੰਡੂ : ਉੱਤਰੀ ਨੇਪਾਲ ਵਿੱਚ ਅਚਾਨਕ ਹੜ੍ਹ ਆਉਣ ਨਾਲ ਸਰਹੱਦੀ ਬਸਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਹੇਠਲੇ ਇਲਾਕਿਆਂ ਦੇ ਕਈ ਜ਼ਿਲ੍ਹਿਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਵੇਰਵਿਆਂ ਅਨੁਸਾਰ ਇਹ ਹੜ੍ਹ ਸਵੇਰੇ ਕਰੀਬ 9 ਵਜੇ (ਸਥਾਨਕ ਸਮੇਂ ਅਨੁਸਾਰ) ਭੋਤੇ ਕੋਸ਼ੀ ਨਦੀ ਵਿੱਚ ਆਇਆ, ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਤਿੱਬਤ ਵੱਲੋਂ ਆਇਆ ਸੀ। ਰਾਈਟਰਜ਼ ਦੀ ਰਿਪੋਰਟ ਅਨੁਸਾਰ ਅਚਾਨਕ ਹੜ੍ਹ (ਫਲੈਸ਼ ਫਲੱਡ) ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਇੱਕ ਪੁਲਿਸ ਬੁਲਾਰੇ ਨੇ ਦਿੱਤੀ ਹੈ। ਨੇਪਾਲ ਦੀ ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਣੀ ਦੇ ਅਚਾਨਕ ਵਾਧੇ ਕਾਰਨ ਰਸੁਆ ਜ਼ਿਲ੍ਹੇ ਦੇ ਤਿਮੁਰੇ ਅਤੇ ਨੇੜਲੇ ਸਿਆਫਰੂਬੇਸੀ ਖੇਤਰ ਵਿੱਚ ਵਿਆਪਕ ਤਬਾਹੀ ਹੋਈ ਹੈ, ਜਿੱਥੇ ਵਾਹਨ, ਸਾਮਾਨ ਅਤੇ ਹੋਰ ਜਾਇਦਾਦ ਰੁੜ੍ਹ ਗਈ ਹੈ। ਰਸੁਆ ਜ਼ਿਲ੍ਹਾ ਕਾਠਮੰਡੂ ਦੇ ਉੱਤਰ-ਪੂਰਬ ਵਿੱਚ, ਤਿੱਬਤ ਸਰਹੱਦ ਤੋਂ ਲਗਪਗ 125 ਕਿਲੋਮੀਟਰ ਦੂਰ ਸਥਿਤ ਹੈ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (ਐੱਨ.ਡੀ.ਆਰ.ਆਰ.ਐੱਮ.) ਨੇਪਾਲ ਨੇ ਇੱਕ ਬਿਆਨ ਜਾਰੀ ਕਰਕੇ ਰਸੁਆ, ਨੁਵਾਕੋਟ, ਧਾਦਿੰਗ, ਚਿਤਵਾਨ ਅਤੇ ਗੋਰਖਾ ਦੇ ਨਦੀ ਕੰਢਿਆਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਹਾਈ ਅਲਰਟ ’ਤੇ ਰਹਿਣ ਅਤੇ ਸੁਰੱਖਿਆ ਉਪਾਅ ਅਪਣਾਉਣ ਦੀ ਅਪੀਲ ਕੀਤੀ ਹੈ।
ਰਸੁਆ ਦੇ ਸਹਾਇਕ ਜ਼ਿਲ੍ਹਾ ਕਮਿਸ਼ਨਰ ਧਰੁਵ ਪ੍ਰਸਾਦ ਅਧਿਕਾਰੀ ਨੇ ਕਿਹਾ ਕਿ ਹੜ੍ਹ ਦਾ ਪੈਮਾਨ ਅਸਾਧਾਰਨ ਤੌਰ ’ਤੇ ਵੱਡਾ ਸੀ ਅਤੇ ਦੋਵਾਂ ਬਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਰਸੁਆ ਦੇ ਮੁੱਖ ਕਸਟਮ ਅਧਿਕਾਰੀ ਰਾਜੇਂਦਰ ਢੁੰਗਾਨਾ ਨੇ ਕਿਹਾ ਕਿ ਕਸਬੇ ਦੇ ਕੰਪਲੈਕਸ ਵਿੱਚ ਰੱਖੇ ਕਈ ਵਾਹਨ ਅਤੇ ਸਾਮਾਨ ਰੁੜ੍ਹ ਗਏ ਹਨ। ਇੱਕ ਹਾਲ ਹੀ ਵਿੱਚ ਬਣਿਆ ਪੁਲ ਵੀ ਤਬਾਹ ਹੋ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਤਬਾਹਕੁਨ ਹੜ੍ਹ ਦੇ ਮੱਦੇਨਜ਼ਰ ਬਚਾਅ ਅਤੇ ਰਾਹਤ ਕਾਰਜ਼ਾਂ ਨੂੰ ਤੇਜ਼ ਕਰਨ ਲਈ ਨੇਪਾਲ ਆਰਮੀ, ਆਰਮਡ ਪੁਲੀਸ ਫੋਰਸ ਅਤੇ ਨੇਪਾਲ ਪੁਲੀਸ ਦੇ ਜਵਾਨਾਂ ਨੂੰ ਰਸੁਆ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਹੜ੍ਹ ਤੋਂ ਬਾਅਦ ਦੀ ਸਥਿਤੀ ਬਾਰੇ ਚਰਚਾ ਕਰਨ ਅਤੇ ਹਾਲਾਤ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕਣ ਵਾਸਤੇ ਇੱਕ ਉੱਚ-ਪੱਧਰੀ ਮੀਟਿੰਗ ਸੱਦੀ ਜਾ ਰਹੀ ਹੈ। ਨੇਪਾਲ ਆਰਮੀ ਨੇ ਖੋਜ ਅਤੇ ਬਚਾਅ ਕਾਰਜ ਚਲਾਉਣ ਲਈ ਤ੍ਰਿਸ਼ੂਲੀ ਨਦੀ ਦੇ ਨੇੜੇ ਦੇ ਇਲਾਕਿਆਂ ਵਿੱਚ ਪਹਿਲਾਂ ਦੋ ਹੈਲੀਕਾਪਟਰ ਭੇਜ ਦਿੱਤੇ ਹਨ। ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਮਰਜੈਂਸੀ ਮੈਡੀਕਲ ਰੈਸਕਿਊ ਟੀਮ ਨਾਲ ਲੈਸ ਇੱਕ ਆਰਮੀ ਹੈਲੀਕਾਪਟਰ (MI 17) ਨੂੰ ਪਹਿਲਾਂ ਹੀ ਤ੍ਰਿਸ਼ੂਲੀ ਦੇ ਜ਼ਿਲ੍ਹਾ ਹਸਪਤਾਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਨੇਪਾਲ ਆਰਮੀ ਨੇ ਕਿਹਾ ਹਾਲਾਂਕਿ, ਤਬਾਹਕੁਨ ਹੜ੍ਹ ਕਾਰਨ ਹੋਏ ਨੁਕਸਾਨ ਦਾ ਪੂਰਾ ਵੇਰਵਾ ਆਉਣਾ ਅਜੇ ਬਾਕੀ ਹੈ, ਕਿਉਂਕਿ ਨੁਕਸਾਨ ਬਾਰੇ ਡੇਟਾ ਇਕੱਠਾ ਕਰਨ ਦਾ ਕੰਮ ਜਾਰੀ ਹੈ।

