ਕਾਠਮੰਡੂ : ਚੀਨ ਦੀ ਸਰਹੱਦ ਨਾਲ ਲੱਗਦੇ ਨੇਪਾਲ ਦੇ ਰਸੂਵਾ ਜ਼ਿਲ੍ਹੇ ਵਿੱਚ ਤਿੱਬਤ ਵੱਲੋਂ ਆਏ ਅਚਾਨਕ ਤੇਜ਼ ਹੜ੍ਹ (Flash Flood) ਨੇ ਭਾਰੀ ਤਬਾਹੀ ਮਚਾਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖੌਫ਼ਨਾਕ ਵੀਡੀਓਜ਼ ਵਿੱਚ ਭੋਟੇਕੋਸ਼ੀ ਨਦੀ ਦਾ ਰੌਦਰ ਰੂਪ ਦੇਖਿਆ ਜਾ ਸਕਦਾ ਹੈ, ਜਿੱਥੇ ਪਾਣੀ ਦੇ ਤੇਜ਼ ਵਹਾਅ ਨੇ ਕਈ ਪਿੰਡਾਂ, ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ, ਸੜਕਾਂ, ਪੁਲਾਂ ਅਤੇ ਹਾਈਡ੍ਰੋ ਪਾਵਰ ਪ੍ਰੋਜੈਕਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬੁੱਧਵਾਰ ਨੂੰ ਗੋਸਾਈਂਕੁੰਡਾ ਗ੍ਰਾਮੀਣ ਨਗਰਪਾਲਿਕਾ ਦੇ ਟਿਮੁਰੇ ਅਤੇ ਸਿਆਪ੍ਰੂ ਬੇਸੀ ਇਲਾਕਿਆਂ ਵਿੱਚ ਆਏ ਇਸ ਹੜ੍ਹ ਕਾਰਨ ਬਹੁਤ ਸਾਰੀਆਂ ਗੱਡੀਆਂ ਅਤੇ ਬੁਨਿਆਦੀ ਢਾਂਚਾ ਰੁੜ੍ਹ ਗਿਆ। ਰਿਪੋਰਟਾਂ ਮੁਤਾਬਕ ਇਸ ਆਫ਼ਤ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੇਪਾਲ ਸਰਕਾਰ ਵੱਲੋਂ ਬਚਾਅ ਕਾਰਜਾਂ ਲਈ ਹੈਲੀਕਾਪਟਰ ਭੇਜੇ ਗਏ ਹਨ, ਪਰ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਲੈਂਡਿੰਗ ਕਰਨ ’ਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਰਸੂਵਾ ਦੇ ਜ਼ਿਲ੍ਹਾ ਪ੍ਰਸ਼ਾਸਕ ਨਰੇਂਦਰ ਪਰੀਆਰ ਨੇ ਹੋਰ ਜਾਨੀ-ਮਾਲੀ ਨੁਕਸਾਨ ਦੀ ਚੇਤਾਵਨੀ ਦਿੱਤੀ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਇਹ ਹੜ੍ਹ ਇੰਨਾ ਅਚਾਨਕ ਆਇਆ ਕਿ ਜਿਵੇਂ ਕੋਈ ਜਵਾਲਾਮੁਖੀ ਫਟ ਗਿਆ ਹੋਵੇ, ਜਿਸ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਉੱਚੀਆਂ ਥਾਵਾਂ ਵੱਲ ਭੱਜਣ ਲੱਗੇ। ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਨੇ ਦੱਸਿਆ ਕਿ ਪੁਲੀਸ ਅਤੇ ਫੌਜ ਨੂੰ ਰਾਹਤ ਤੇ ਬਚਾਅ ਕਾਰਜਾਂ ਵਿੱਚ ਲਗਾਇਆ ਗਿਆ ਹੈ ਅਤੇ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਹਦਾਇਤ ਕੀਤੀ ਗਈ ਹੈ।
ਇਸ ਤਬਾਹੀ ਦਾ ਸਭ ਤੋਂ ਵੱਡਾ ਅਸਰ ਨੇਪਾਲ ਦੇ ਊਰਜਾ ਖੇਤਰ ’ਤੇ ਪਿਆ ਹੈ। ਊਰਜਾ ਮੰਤਰਾਲੇ ਅਨੁਸਾਰ ਹਾਈਡ੍ਰੋ ਪ੍ਰੋਜੈਕਟਾਂ ਦੇ ਨੁਕਸਾਨੇ ਜਾਣ ਕਾਰਨ 430 ਮੈਗਾਵਾਟ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਜੋ ਕਿ ਨੇਪਾਲ ਦੀ ਕੁੱਲ ਹਾਈਡ੍ਰੋ ਪਾਵਰ ਸਮਰੱਥਾ ਦਾ 12 ਫੀਸਦੀ ਤੋਂ ਵੱਧ ਹੈ। ਦੂਜੇ ਪਾਸੇ, ਚੀਨ ਵਾਲੇ ਪਾਸੇ ਤਿੱਬਤ ਦੇ ਗਾਇਰੋਂਗ ਕਾਊਂਟੀ ਵਿੱਚ ਵੀ ਜ਼ਮੀਨ ਖਿਸਕਣ (Mudslide) ਕਾਰਨ ਭਾਰੀ ਨੁਕਸਾਨ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਭੋਟੇਕੋਸ਼ੀ ਨਦੀ ਤਿੱਬਤ ਤੋਂ ਨਿਕਲ ਕੇ ਨੇਪਾਲ ਵਿੱਚ ਦਾਖਲ ਹੁੰਦੀ ਹੈ ਅਤੇ ਅੱਗੇ ਚੱਲ ਕੇ ਤ੍ਰਿਸ਼ੂਲੀ ਨਦੀ ਨਾਲ ਮਿਲਦੀ ਹੈ, ਜੋ ਭਾਰਤ ਵਿੱਚ ‘ਗੰਡਕ’ ਨਦੀ ਵਜੋਂ ਜਾਣੀ ਜਾਂਦੀ ਹੈ। ਫਿਲਹਾਲ ਅਚਾਨਕ ਆਏ ਇਸ ਹੜ੍ਹ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

