Treesa Jolly-Gayatri Gopichand ਮਹਿਲਾ ਡਬਲਜ਼ ਦੇ Semi-Final ’ਚ

Treesa Jolly-Gayatri Gopichand ਮਹਿਲਾ ਡਬਲਜ਼ ਦੇ Semi-Final ’ਚ

ਨਵੀਂ ਦਿੱਲੀ : ਭਾਰਤ ਦੀ ਤ੍ਰੀਸਾ ਜੋਲੀ ਅਤੇ ਗਾਇਤਰੀ ਗੋਪੀਚੰਦ ਨੇ ਅੱਜ ਇੱਥੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਜੀਆ ਯੀ ਫਾਨ ਅਤੇ ਜ਼ਾਂਗ ਸ਼ੂ ਓਆਨ ਨੂੰ ਪਿੱਛੇ ਛੱਡ ਕੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਲਮੀ ਚੈਂਪੀਅਨਸ਼ਿਪ ਵਿੱਚ ਆਪਣੇ ਲਈ ਤਗ਼ਮਾ ਪੱਕਾ ਕਰ ਲਿਆ ਹੈ। ਤ੍ਰੀਸਾ ਦੇ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰ ਰਹੀ ਗ਼ੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਆਪਣੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹਾਸਲ ਕਰਨ ਲਈ ਇੱਕ ਘੰਟਾ ਨੌਂ ਮਿੰਟ ਦੀ ਤੱਕੜੀ ਮਿਹਨਤ ਕੀਤੀ। ਉਹ 16-21, 21-15, 21-13 ਨਾਲ ਜਿੱਤ ਦਰਜ ਕਰ ਕੇ ਅੰਤਿਮ ਚਾਰ ਵਿੱਚ ਪੁੱਜੀਆਂ ਅਤੇ ਘੱਟੋ-ਘੱਟ ਕਾਂਸੀ ਦਾ ਤਗ਼ਮਾ ਪੱਕਾ ਕਰ ਲਿਆ। ਭਾਰਤ ਨੇ ਮਹਿਲਾ ਡਬਲਜ਼ ਵਿੱਚ ਆਖ਼ਰੀ ਵਾਰ 2011 ’ਚ ਬੀ ਡਬਲਿਊ ਐੱਫ ਆਲਮੀ ਚੈਂਪੀਅਨਸ਼ਿਪ ਤਗ਼ਮਾ ਜਿੱਤਿਆ ਸੀ, ਜਦੋਂ ਜਵਾਲਾ ਗੁੱਟਾ ਅਤੇ ਅਸ਼ਵਿਨੀ ਪੋਨੱਪਾ ਨੇ ਲੰਡਨ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। ਭਾਰਤੀ ਜੋੜੀ ਆਪਣੇ ਚੀਨੀ ਵਿਰੋਧੀਆਂ ਖ਼ਿਲਾਫ਼ 0-3 ਦੇ ਹੈੱਡ-ਟੂ-ਹੈੱਡ ਰਿਕਾਰਡ ਨਾਲ ਮੈਚ ਵਿੱਚ ਉਤਰੀ ਸੀ। ਤ੍ਰੀਸਾ ਅਤੇ ਗਾਇਤਰੀ ਸ਼ੁਰੂਆਤ ਵਿੱਚ 1-6 ਨਾਲ ਪਿੱਛੇ ਰਹਿ ਗਈਆਂ ਸਨ, ਪਰ ਲਗਾਤਾਰ ਛੇ ਅੰਕ ਲੈ ਕੇ ਵਾਪਸੀ ਕਰਦਿਆਂ ਉਨ੍ਹਾਂ ਸਕੋਰ 8-9 ਕਰ ਦਿੱਤਾ। ਇਸ ਤੋਂ ਬਾਅਦ ਚੀਨੀ ਜੋੜੀ ਨੇ ਤਿੰਨ ਅੰਕਾਂ ਦੀ ਲੀਡ ਨਾਲ ਅੱਧੇ ਸਮੇਂ ਦੀ ਬਰੇਕ ਲਈ। ਭਾਰਤੀਆਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਸ਼ਾਨਦਾਰ ਰੈਲੀਆਂ ਤੋਂ ਬਾਅਦ ਸਕੋਰ 13-15 ਦੇ ਨੇੜੇ ਪਹੁੰਚਾ ਦਿੱਤਾ। ਇਸ ਜੋੜੀ ਨੇ ਚੀਨੀ ਖਿਡਾਰੀਆਂ ਨੂੰ ਸਖ਼ਤ ਟੱਕਰ ਦਿੱਤੀ ਅਤੇ ਨੈੱਟ ’ਤੇ ਕਾਫੀ ਰੋਮਾਂਚਕ ਮੁਕਾਬਲਾ ਕੀਤਾ। ਦੂਜੀ ਗੇਮ ’ਚ ਭਾਰਤੀਆਂ ਨੇ ਲਗਾਤਾਰ ਅੰਕ ਹਾਸਲ ਕਰ ਕੇ 19-14 ਦੀ ਲੀਡ ਬਣਾਈ। ਫ਼ੈਸਲਾਕੁਨ (ਤੀਜੀ) ਗੇਮ ਵਿੱਚ, ਤ੍ਰੀਸਾ ਤੇ ਗਾਇਤਰੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 11-5 ਦੀ ਲੀਡ ਹਾਸਲ ਕਰਨ ਤੋਂ ਬਾਅਦ ਲਗਾਤਾਰ ਤਿੰਨ ਅੰਕ ਲੈ ਕੇ ਸਕੋਰ 14-7 ਕਰ ਦਿੱਤਾ, ਜਿਸ ਦਾ ਚੀਨੀ ਜੋੜੀ ਕੋਲ ਕੋਈ ਜਵਾਬ ਨਹੀਂ ਸੀ। ਹਾਲਾਂਕਿ ਕੁਝ ਘਬਰਾਹਟ ਵਾਲੇ ਪਲ ਵੀ ਆਏ, ਜਦੋਂ ਤ੍ਰੀਸਾ ਨੇ ਇੱਕ ਸ਼ਾਟ ਨੈੱਟ ਵਿੱਚ ਮਾਰ ਦਿੱਤਾ ਤੇ ਗਾਇਤਰੀ ਨੇ ਸਰਵਿਸ ’ਚ ਗ਼ਲਤੀ ਕੀਤੀ।

ਸਾਤਵਿਕ-ਚਿਰਾਗ ਦੀ ਜੋੜੀ ਕੁਆਰਟਰ ਫਾਈਨਲ ’ਚ ਹਾਰੀ

ਨਵੀਂ ਦਿੱਲੀ: ਭਾਰਤ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦਾ ਬੀ ਡਬਲਿਊ ਐੱਫ ਆਲਮੀ ਚੈਂਪੀਅਨਸ਼ਿਪ ਵਿੱਚ ਤੀਜਾ ਤਗ਼ਮਾ ਜਿੱਤਣ ਦਾ ਸੁਪਨਾ ਅੱਜ ਇੱਥੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਦੁਨੀਆ ਦੀ ਨੰਬਰ 3 ਜੋੜੀ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਤੋਂ ਸਿੱਧੀਆਂ ਗੇਮਾਂ ਵਿੱਚ ਮਿਲੀ ਹਾਰ ਨਾਲ ਟੁੱਟ ਗਿਆ। ਦੁਨੀਆਂ ਦੀ ਨੰਬਰ 5 ਭਾਰਤੀ ਜੋੜੀ ਜਿਸ ਨੇ 2022 ਅਤੇ 2025 ਦੇ ਐਡੀਸ਼ਨਾਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਸਨ, ਲੋੜੀਂਦੀ ਧਾਰ ਦੀ ਘਾਟ ਕਾਰਨ ਪੈਰਿਸ ਓਲੰਪਿਕ ਦੇ ਚਾਂਦੀ ਤਗ਼ਮਾ ਜੇਤੂ ਵਾਂਗ ਅਤੇ ਲਿਆਂਗ ਤੋਂ ਮਹਿਜ਼ 36 ਮਿੰਟਾਂ ਵਿੱਚ 18-21, 9-21 ਨਾਲ ਹਾਰ ਕੇ ਬਾਹਰ ਹੋ ਗਈ।

Share: