ਨੌਜਵਾਨ ਦੀ ਖ਼ੁਦਕੁਸ਼ੀ ਤੋਂ ਬਾਅਦ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਆਪਰੇਟਰ ਗ੍ਰਿਫ਼ਤਾਰ

ਨੌਜਵਾਨ ਦੀ ਖ਼ੁਦਕੁਸ਼ੀ ਤੋਂ ਬਾਅਦ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਆਪਰੇਟਰ ਗ੍ਰਿਫ਼ਤਾਰ

ਮੋਗਾ : ਪੁਲੀਸ ਨੇ 30 ਸਾਲਾ ਕੈਦੀ ਦੀ ਖ਼ੁਦਕੁਸ਼ੀ ਤੋਂ ਬਾਅਦ ਮੋਗਾ ਵਿੱਚ ਇੱਕ ਗੈਰ-ਕਾਨੂੰਨੀ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦੇ ਆਪਰੇਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਦੇ ਨਾਲ ਖੇਤਰ ਵਿੱਚ ਬਿਨਾਂ ਮਾਨਤਾ ਪ੍ਰਾਪਤ ਰੀਹੈਬਲੀਟੇਸ਼ਨ ਸੈਂਟਰਾਂ ਵਿੱਚ ਕਥਿਤ ਗੰਭੀਰ ਸਰੀਰਕ ਤਸ਼ੱਦਦ ਦਾ ਪਰਦਾਫਾਸ਼ ਹੋਇਆ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ (30) ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ ‘ਤੇ 16 ਜੁਲਾਈ ਨੂੰ ਇੱਥੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਕਿਉਂਕਿ ਉਸ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਸੀ, ਇਸ ਲਈ ਉਸ ਦੀ ਲਾਸ਼ ਨੂੰ ਚਾਰ ਦਿਨਾਂ ਤੱਕ ਮੁਰਦਾਘਰ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਅਧਿਕਾਰੀਆਂ ਵੱਲੋਂ ਲਵਾਰਸ ਵਜੋਂ ਸਸਕਾਰ ਕਰ ਦਿੱਤਾ ਗਿਆ। ਇਹ ਦੁਖਦਾਈ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਰਵਿੰਦਰ ਦੇ ਪਰਿਵਾਰ ਨੇ ਆਖਰਕਾਰ ਉਸ ਦੀ ਪਛਾਣ ਕੀਤੀ ਅਤੇ ਮੋਗਾ ਦੇ ਜਲਾਲਬਾਦ ਇਲਾਕੇ ਵਿੱਚ ਚੱਲ ਰਹੇ ਇੱਕ ਗੈਰ-ਕਾਨੂੰਨੀ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਕਰਨਵੀਰ ਸਿੰਘ ਖ਼ਿਲਾਫ਼ ਗੰਭੀਰ ਦੋਸ਼ਾਂ ਨਾਲ ਪੁਲੀਸ ਸ਼ਿਕਾਇਤ ਕੀਤੀ।

ਪਰਿਵਾਰ ਨੇ ਦੋਸ਼ ਲਾਇਆ ਕਿ ਰਵਿੰਦਰ ਉਸ ਕੇਂਦਰ ਵਿੱਚ ਇਲਾਜ ਅਧੀਨ ਸੀ, ਜਿੱਥੇ ਉਸ ਨੂੰ ਨਿਯਮਤ ਤੌਰ ‘ਤੇ ਬੇਰਹਿਮੀ ਨਾਲ ਸਰੀਰਕ ਤਸ਼ੱਦਦ ਅਤੇ ਯਾਤਨਾਵਾਂ ਦਿੱਤੀਆਂ ਜਾਂਦੀਆਂ ਸਨ, ਜਿਸ ਕਾਰਨ ਆਖਰਕਾਰ ਉਸ ਨੂੰ ਆਪਣੀ ਜਾਨ ਦੇਣ ਲਈ ਮਜਬੂਰ ਹੋਣਾ ਪਿਆ। ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲੀਸ ਨੇ ਕਰਨਵੀਰ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਘਟਨਾ ਫ਼ਰੀਦਕੋਟ ਦੇ ਕੋਟਕਪੂਰਾ ਸ਼ེਹਿਰ ਵਿੱਚ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਹੋਣ ਤੋਂ ਮਹਿਜ਼ ਦੋ ਦਿਨ ਬਾਅਦ ਸਾਹਮਣੇ ਆਈ ਹੈ।

ਦੋਸ਼ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਗੈਰ-ਕਾਨੂੰਨੀ ਅਤੇ ਗੈਰ-ਰਜਿਸਟਰਡ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਬਿਨਾਂ ਕਿਸੇ ਡਾਕਟਰੀ ਦੇਖ-ਰੇਖ ਦੇ ਚੱਲ ਰਹੇ ਹਨ, ਜੋ ਸੁਧਾਰ ਦੇ ਨਾਂ ‘ਤੇ ਗੰਭੀਰ ਸਰੀਰਕ ਤਸ਼ੱਦਦ, ਗ਼ੈਰ-ਕਾਨੂੰਨੀ ਤੌਰ ‘ਤੇ ਬੰਦੀ ਬਣਾ ਕੇ ਰੱਖਣ ਅਤੇ ਹਿੰਸਾ ਦਾ ਸਹਾਰਾ ਲੈਂਦੇ ਹਨ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕਾਨੂੰਨੀ ਮਾਨਸਿਕ ਜਾਂ ਡਾਕਟਰੀ ਦੇਖਭਾਲ ਦੇਣ ਦੀ ਬਜਾਇ ਕੈਦੀਆਂ ਨੂੰ ਨਿਯਮਤ ਤੌਰ ‘ਤੇ ਕੁੱਟਿਆ ਜਾਂਦਾ ਸੀ ਅਤੇ ਸਖ਼ਤ ਜ਼ਬਰਦਸਤੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ।

Share: