ਫਗਵਾੜਾ : ਫਗਵਾੜਾ ਦੇ ਪਲਾਈ ਰੋਡ ’ਤੇ ਸਥਿਤ ਸਤਲੁਜ ਹਸਪਤਾਲ ’ਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਹਸਪਤਾਲ ਪ੍ਰਸ਼ਾਸਨ, ਅਮਲੇ ਅਤੇ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਅੱਗ ਹਸਪਤਾਲ ਦੀ ਸਭ ਤੋਂ ਉੱਪਰਲੀ (ਚੌਥੀ) ਮੰਜ਼ਿਲ ’ਤੇ ਰੱਖੇ ਹੋਏ ਜਨਰੇਟਰਾਂ ਵਿੱਚ ਲੱਗੀ, ਜਿਸ ਨਾਲ ਦੋ ਜਨਰੇਟਰ ਪੂਰੀ ਤਰ੍ਹਾਂ ਨੁਕਸਾਨੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਚੱਲ ਰਹੇ ਜਨਰੇਟਰ ਵਿੱਚੋਂ ਅਚਾਨਕ ਧੂੰਆਂ ਨਿਕਲਦਾ ਦੇਖਿਆ ਗਿਆ, ਜਿਸ ਤੋਂ ਬਾਅਦ ਹਸਪਤਾਲ ਦੇ ਸਟਾਫ਼ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਆਪ ਵੀ ਅੱਗ ਬੁਝਾਊ ਯੰਤਰਾਂ (Fire Extinguishers) ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਦੀਆਂ ਲਪਟਾਂ ਵਧਦੀਆਂ ਦੇਖ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋ ਗੱਡੀਆਂ ਦੀ ਮਦਦ ਨਾਲ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਹਸਪਤਾਲ ਦੇ ਡਾਕਟਰ ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਨਰੇਟਰ ’ਚੋਂ ਧੂੰਆਂ ਨਿਕਲਦੇ ਹੀ ਸਟਾਫ਼ ਚੌਥੀ ਮੰਜ਼ਿਲ ’ਤੇ ਪਹੁੰਚਿਆ, ਜਿੱਥੇ ਅੱਗ ਫੈਲ ਚੁੱਕੀ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸ਼ੁਰੂਆਤੀ ਜਾਂਚ ਅਨੁਸਾਰ ਬਿਜਲੀ ਦਾ ਲੰਬਾ ਕੱਟ ਲੱਗਣ ਕਾਰਨ ਜਨਰੇਟਰ ਲਗਾਤਾਰ ਚੱਲ ਰਹੇ ਸਨ, ਜਿਸ ਕਰਕੇ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Posted inKapurthala
ਸਤਲੁਜ ਹਸਪਤਾਲ ’ਚ ਲੱਗੀ ਭਿਆਨਕ ਅੱਗ, ਦੋ ਜਨਰੇਟਰ ਸੜ ਕੇ ਸੁਆਹ

