GMADA ਚੁੱਕੇਗਾ 15 ਹਜ਼ਾਰ ਕਰੋੜ ਦਾ ਕਰਜ਼ਾ

GMADA ਚੁੱਕੇਗਾ 15 ਹਜ਼ਾਰ ਕਰੋੜ ਦਾ ਕਰਜ਼ਾ

ਚੰਡੀਗੜ੍ਹ :  ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਹੁਣ 15 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ’ਚ ਹੈ। ਇਸ ਲਈ ਇੱਕ ਮਰਚੈਂਟ ਬੈਂਕਰ ਨਿਯੁਕਤ ਕੀਤਾ ਜਾ ਰਿਹਾ ਹੈ। ਜੇ ਮਰਚੈਂਟ ਬੈਂਕਰ ਕਰਜ਼ਾ ਜੁਟਾਉਣ ’ਚ ਸਫਲ ਹੁੰਦਾ ਹੈ ਤਾਂ ਉਸ ਨੂੰ 191.16 ਕਰੋੜ ਦੀ ਵਿਚੋਲਗੀ ਫੀਸ ਦਿੱਤੀ ਜਾਵੇਗੀ। ਗਮਾਡਾ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਨਾਲ ਪੰਜ ਹਜ਼ਾਰ ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਸ ਨੂੰ ਵਿੱਤ ਵਿਭਾਗ ਹਵਾਲੇ ਕੀਤਾ ਜਾਵੇਗਾ।  ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਜੋ ਗਮਾਡਾ ਦੇ ਚੇਅਰਪਰਸਨ ਵੀ ਹਨ, ਦੀ ਪ੍ਰਧਾਨਗੀ ਹੇਠ ਅੱਜ ਇੱਥੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ, ਜਿਸ ’ਚ ਉਪਰੋਕਤ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਗਈ। ਇਸ ਪ੍ਰਵਾਨਗੀ ਨਾਲ ਹੁਣ ਕਰਜ਼ਾ ਲੈਣ ਲਈ ਰਾਹ ਖੁੱਲ੍ਹ ਗਿਆ ਹੈ। ਮਰਚੈਂਟ ਬੈਂਕਰ ਵਜੋਂ ‘ਟਿਪਸਨਜ਼ ਕੰਸਲਟੈਂਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ’ ਦੀ ਚੋਣ ਕੀਤੀ ਗਈ ਹੈ। ਜੋ ਬਾਂਡਾਂ ਅਤੇ ਬੈਂਕ ਕਰਜ਼ੇ ਰਾਹੀਂ ਪੈਸੇ ਦਾ ਪ੍ਰਬੰਧ ਕਰੇਗਾ।

ਮੀਟਿੰਗ ’ਚ ਸਾਫ਼ ਕੀਤਾ ਗਿਆ ਕਿ ਗਮਾਡਾ ਪੰਜਾਬ ਰਿਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ-1995 ਦੀਆਂ ਧਾਰਾਵਾਂ ਤਹਿਤ ਡਿਬੈਂਚਰਾਂ/ਬਾਂਡਾਂ ਜ਼ਰੀਏ ਫੰਡ ਜੁਟਾ ਸਕਦਾ ਹੈ। ਮਰਚੈਂਟ ਬੈਂਕਰ ਨਿਵੇਸ਼ਕਾਂ ਨਾਲ ਤਾਲਮੇਲ ਕਰੇਗਾ ਅਤੇ ਕ੍ਰੈਡਿਟ ਰੇਟਿੰਗ ਪ੍ਰਾਪਤ ਕਰੇਗਾ। ਇਸੇ ਤਰ੍ਹਾਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰੇਗਾ ਅਤੇ ਬਾਂਡਾਂ ਨੂੰ ਸੂਚੀਬੱਧ ਕਰੇਗਾ। ਇਕਰਾਰਨਾਮਾ ਹੋਣ ਮਗਰੋਂ ਨੌਂ ਮਹੀਨਿਆਂ ’ਚ ਫੰਡਾਂ ਦਾ ਪ੍ਰਬੰਧ ਕਰੇਗਾ। ਨਿਵੇਸ਼ ਯੋਗ ਰੇਟਿੰਗ ਪ੍ਰਾਪਤ ਕਰਨ ਪਿੱਛੋਂ ਮਰਚੈਂਟ ਬੈਂਕਰ ਨੂੰ ਪਹਿਲੇ ਤਿੰਨ ਮਹੀਨਿਆਂ ’ਚ ਪੰਜ ਹਜ਼ਾਰ ਕਰੋੜ, ਅਗਲੇ ਤਿੰਨ ਮਹੀਨੇ ’ਚ ਹੋਰ ਪੰਜ ਹਜ਼ਾਰ ਕਰੋੜ ਅਤੇ ਬਾਕੀ ਰਾਸ਼ੀ ਨਿਰਧਾਰਤ ਸਮੇਂ ਅੰਦਰ ਜੁਟਾਉਣੀ ਹੋਵੇਗੀ।

ਵੇਰਵਿਆਂ ਅਨੁਸਾਰ ਗਮਾਡਾ ਵੱਲੋਂ ਮੁਹਾਲੀ ਦੇ ‘ਏਰੋਟ੍ਰੋਪੋਲਿਸ ਪ੍ਰਾਜੈਕਟ’, ਸੈਕਟਰ 87, ਈਕੋ ਸਿਟੀ ਤਿੰਨ ਤੋਂ ਇਲਾਵਾ ਸੈਕਟਰ 101 ਤੇ 103 ਲਈ ਪੰਜ ਤੋਂ ਛੇ ਹਜ਼ਾਰ ਏਕੜ ਜ਼ਮੀਨ ਐਕੁਆਇਰ ਕਰਨ ਲਈ ਕਰਜ਼ਾ ਚੁੱਕਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗਮਾਡਾ ਨੇ ਵੱਖ-ਵੱਖ ਬੈਂਕਾਂ ਤੋਂ 7653.23 ਕਰੋੜ ਰੁਪਏ ਦੀ ਟਰਮ ਲੋਨ ਅਤੇ ਓਵਰ ਡਰਾਫਟ ਸੀਮਾ ਪਹਿਲਾਂ ਹੀ ਪ੍ਰਾਪਤ ਕਰ ਲਈ ਹੈ। ਇਸ ’ਚੋਂ ਗਮਾਡਾ 6241.82 ਕਰੋੜ ਰੁਪਏ ਵਰਤ ਚੁੱਕਾ ਹੈ। ਨਵਾਂ ਕਰਜ਼ਾ ਚੁੱਕਣ ਮਗਰੋਂ ਗਮਾਡਾ ਨੂੰ ਇੱਕ ਹਜ਼ਾਰ ਤੋਂ 1200 ਕਰੋੜ ਦੇ ਸਾਲਾਨਾ ਵਿਆਜ ਦਾ ਹੋਰ ਬੋਝ ਚੁੱਕਣਾ ਪਵੇਗਾ।

ਕਰਜ਼ੇ ਦੀ ਰਾਸ਼ੀ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪੇਰੈਂਸੀ ਇਨ ਲੈਂਡ ਐਕੁਜ਼ੀਸ਼ਨ, ਰੀਹੈਬਿਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ-2013 ਤਹਿਤ ਵਿੱਤ ਵਿਭਾਗ ਪੰਜਾਬ ਕੋਲ ਜਮ੍ਹਾਂ ਕਰਾਈ ਜਾਣੀ ਹੈ। ਵਿੱਤ ਵਿਭਾਗ ਪਹਿਲਾਂ ਹੀ ਹੋਰਨਾਂ ਅਥਾਰਿਟੀਆਂ ਤੋਂ ਜ਼ਮੀਨ ਐਕੁਆਇਰ ਕਰਨ ਲਈ 10 ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਵਸੂਲ ਕਰ ਚੁੱਕਾ ਹੈ। ਉਪਰੋਕਤ ਕਰਜ਼ੇ ਲਈ 25 ਜੂਨ ਨੂੰ ‘ਪ੍ਰਸਤਾਵ ਲਈ ਬੇਨਤੀ’ (ਆਰ ਈ ਪੀ) ਜਾਰੀ ਕੀਤੀ ਗਈ ਅਤੇ ਛੇ ਫ਼ਰਮਾਂ ‘ਟੌਰਸ ਕਾਰਪੋਰੇਟ ਐਡਵਾਈਜ਼ਰੀ ਸਰਵਿਸਿਜ਼, ਰੀਅਲ ਗਰੋਥ ਸਕਿਓਰਿਟੀਜ਼, ਟਰੱਸਟ ਇਨਵੈਸਟਮੈਂਟ ਐਡਵਾਈਜ਼ਰ, ਟਿਪਸਨਜ਼ ਕੰਸਲਟੈਂਸੀ ਸਰਵਿਸਿਜ਼, ਪੀ ਆਰ ਪੀ ਪ੍ਰੋਫੈਸ਼ਨਲ ਐਂਡ ਐਸੋਸੀਏਟਸ, ਏ ਕੇ ਕੈਪੀਟਲ ਸਰਵਿਸਿਜ਼ ’ਚੋਂ ਸਿਰਫ ਟਿਪਸਨਜ਼ ਤੇ ਟਰੱਸਟ ਇਨਵੈਸਟਮੈਂਟ ਨੇ ਬਿਡ ਦਿੱਤੀ। ਟੈਕਨੀਕਲ ਬਿੱਡ 12 ਅਗਸਤ ਨੂੰ ਅਤੇ ਵਿੱਤੀ ਬਿੱਡ 13 ਅਗਸਤ ਨੂੰ ਖੋਲ੍ਹੀ ਗਈ। ਟਰੱਸਟ ਇਨਵੈਸਟਮੈਂਟ ਐਡਵਾਈਜ਼ਰਜ਼ ਨੇ 259.50 ਕਰੋੜ ਦੀ ਵਿੱਤੀ ਬਿੱਡ ਦਿੱਤੀ ਜਦੋਂ ਕਿ ਉਸ ਦੇ ਮੁਕਾਬਲੇ ਟਿਪਸਨਜ਼ ਨੇ 191.16 ਕਰੋੜ ਦੀ ਵਿੱਤੀ ਬਿੱਡ ਦਿੱਤੀ ਜੋ ਸਭ ਤੋਂ ਘੱਟ ਸੀ।

ਚੋਣ ਖੁੱਲ੍ਹੀ ਟੈਂਡਰ ਪ੍ਰਕਿਰਿਆ ਰਾਹੀਂ ਕੀਤੀ: ਮੁੱਖ ਸਕੱਤਰ

ਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਦੱਸਿਆ ਕਿ ਸਲਾਹਕਾਰ ਦੀ ਚੋਣ ਬਕਾਇਦਾ ਖੁੱਲ੍ਹੀ ਟੈਂਡਰ ਪ੍ਰਕਿਰਿਆ ਜ਼ਰੀਏ ਕੀਤੀ ਗਈ। ਮਰਚੈਂਟ ਬੈਂਕਰ ਨੂੰ ਪਹਿਲਾਂ ਫੰਡ ਜੁਟਾਉਣੇ ਪੈਣਗੇ। ਉਸ ਨੂੰ ਅਰੇਂਜਰ ਫੀਸ ਤਾਂ ਹੀ ਮਿਲੇਗੀ ਜਦੋਂ ਉਹ 15 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਲਈ ਸਫਲ ਹੋ ਜਾਵੇਗਾ। ਸਾਰੇ ਲੋੜੀਂਦੇ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਹਨ।

ਬੁਨਿਆਦੀ ਢਾਂਚੇ ਲਈ ਵਿਕਾਸ ਬਾਂਡ ਦੀ ਤਿਆਰੀ

ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਇੱਕ ਸਵਾਲ ਦੇ ਜਵਾਬ ’ਚ ਜਾਰੀ ਅਧਿਕਾਰਤ ਬਿਆਨ ’ਚ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਕੋਈ ਕਰਜ਼ਾ ਨਹੀਂ ਹੈ। ਸਰਕਾਰ ਨੇ ਕਿਹਾ ਕਿ ‘ਅਸੀਂ ਲੰਮੇ ਸਮੇਂ ਦੇ ਬੁਨਿਆਦੀ ਢਾਂਚਾ ਵਿਕਾਸ ਬਾਂਡ ਤਿਆਰ ਕਰ ਰਹੇ ਹਾਂ ਤੇ ਇਹ ਬਾਂਡ ਪੂੰਜੀ ਲੋੜਾਂ ਨੂੰ ਪੂਰਾ ਕਰਨ ਲਈ ਵਿੱਤ ਪ੍ਰਣਾਲੀ ਪ੍ਰਦਾਨ ਕਰਦੇ ਹਨ। ਇਹ ਵਿਕਾਸ ਤੋਂ ਪਹਿਲਾਂ ਬੁਨਿਆਦੀ ਢਾਂਚਾ ਬਣਾਉਣ ਦੇ ਯੋਗ ਬਣਾਉਂਦੇ ਹਨ। 15 ਹਜ਼ਾਰ ਕਰੋੜ ਰੁਪਏ ਦਾ ਪ੍ਰਸਤਾਵਿਤ ਬਾਂਡ ਪ੍ਰੋਗਰਾਮ ਗਮਾਡਾ ਨੂੰ ਵੱਡੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਲੰਮੇ ਸਮੇਂ ਦੇ ਫੰਡ ਜੁਟਾਉਣ ਵਿੱਚ ਮਦਦ ਕਰੇਗਾ।’

Share: