ਹਾਪੁਰ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਹਾਪੁਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨਵੇਂ ਵਿਆਹੇ ਵਿਅਕਤੀ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਜਾਲ ਵਿੱਚ ਫਸਾ ਕੇ ਵਿਆਹ ਕਰਵਾਇਆ ਗਿਆ ਅਤੇ ਵਿਆਹ ਤੋਂ ਮਹਿਜ਼ ਅਗਲੇ ਹੀ ਦਿਨ ਲਾੜੀ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਰਫ਼ੂ-ਚੱਕਰ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਪਤੀ ਦੀ ਸ਼ਿਕਾਇਤ ’ਤੇ ਲਾੜੀ, ਉਸਦੇ ਪਰਿਵਾਰਕ ਮੈਂਬਰਾਂ ਅਤੇ ਇੱਕ ਪੰਡਿਤ ਸਮੇਤ ਤਿੰਨ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੂਰੀ ਘਟਨਾ ਹਾਪੁਰ ਜ਼ਿਲ੍ਹੇ ਦੇ ਸਿਮਭਾਵਲੀ ਪੁਲੀਸ ਸਟੇਸ਼ਨ ਅਧੀਨ ਪੈਂਦੇ ਲਿਸਰੀ ਭਗਵਤੀਪੁਰ ਪਿੰਡ ਦੀ ਹੈ, ਜੋ ਸ਼ਨੀਵਾਰ ਰਾਤ ਨੂੰ ਵਾਪਰੀ। ਪੀੜਤ ਪਤੀ ਵਿਨੋਦ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਹਲਦਵਾਨੀ ਦੇ ਰਹਿਣ ਵਾਲੇ ਪੰਡਿਤ ਰਾਕੇਸ਼ ਸ਼ਾਸਤਰੀ ਨੇ ਉਸ ਨਾਲ ਸੰਪਰਕ ਕੀਤਾ ਸੀ। ਪੰਡਿਤ ਨੇ ਦਾਅਵਾ ਕੀਤਾ ਸੀ ਕਿ ਸੀਮਾ ਨਾਂ ਦੀ ਇਹ ਲੜਕੀ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਨ੍ਹਾਂ ਦਾ ਵਿਆਹ ਬਹੁਤ ਸਾਦਗੀ ਨਾਲ ਕਿਸੇ ਮੰਦਰ ਵਿੱਚ ਕਰਵਾ ਦਿੱਤਾ ਜਾਵੇਗਾ। ਵਿਨੋਦ ਕੁਮਾਰ ਦੇ ਭੋਲੇਪਨ ਦਾ ਫ਼ਾਇਦਾ ਉਠਾਉਂਦੇ ਹੋਏ, 14 ਅਗਸਤ ਨੂੰ ਉਹ ਆਪਣੇ ਪਰਿਵਾਰ ਨਾਲ ਰਾਮਪੁਰ ਦੇ ਸ਼ਿਵ ਮੰਦਰ ਪਹੁੰਚਿਆ, ਜਿੱਥੇ ਪੰਡਿਤ ਸ਼ਾਸਤਰੀ ਨੇ ਉਸਦਾ ਵਿਆਹ ਸੀਮਾ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਵਿਨੋਦ ਨੇ ਲਾੜੀ ਦੀ ਮਾਂ ਨੂੰ 1 ਲੱਖ ਰੁਪਏ ਨਕਦ ਅਤੇ ਪੰਡਿਤ ਨੂੰ ਦਕਸ਼ਣਾ ਵਜੋਂ 2,100 ਰੁਪਏ ਦਿੱਤੇ। ਖੁਸ਼ੀ-ਖੁਸ਼ੀ ਵਿਨੋਦ ਆਪਣੀ ਪਤਨੀ ਨੂੰ ਘਰ ਲੈ ਆਇਆ ਅਤੇ ਉਸ ਨੂੰ ਸੋਨੇ ਦਾ ਮੰਗਲਸੂਤਰ, ਚਾਂਦੀ ਦਾ ਹਾਰ, ਕੰਨਾਂ ਦੀਆਂ ਵਾਲੀਆਂ ਅਤੇ ਝਾਂਜਰਾਂ ਤੋਹਫ਼ੇ ਵਿੱਚ ਦਿੱਤੀਆਂ।
ਪਰ ਵਿਨੋਦ ਨੂੰ ਕੀ ਪਤਾ ਸੀ ਕਿ ਜਿਸ ਖੁਸ਼ੀ ਨੂੰ ਉਹ ਆਪਣੀ ਕਿਸਮਤ ਸਮਝ ਰਿਹਾ ਹੈ, ਉਹ ਇੱਕ ਵੱਡੀ ਠੱਗੀ ਹੈ। 15 ਅਗਸਤ ਦੀ ਰਾਤ ਨੂੰ ਜਦੋਂ ਸਾਰੇ ਸੁੱਤੇ ਪਏ ਸਨ, ਤਾਂ ਨਵੀਂ ਵਿਆਹੀ ਲਾੜੀ ਸੀਮਾ ਘਰ ਵਿੱਚ ਰੱਖੇ ਸਾਰੇ ਸੋਨੇ-ਚਾਂਦੀ ਦੇ ਗਹਿਣੇ ਸਮੇਤ ਫਰਾਰ ਹੋ ਗਈ। ਅਗਲੀ ਸਵੇਰ ਜਦੋਂ ਪਰਿਵਾਰ ਦੀ ਅੱਖ ਖੁੱਲ੍ਹੀ ਅਤੇ ਲਾੜੀ ਕਮਰੇ ਵਿੱਚੋਂ ਗਾਇਬ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਘਰ ਅਤੇ ਆਸ-ਪਾਸ ਤਲਾਸ਼ ਕਰਨ ਤੋਂ ਬਾਅਦ ਜਦੋਂ ਕੁਝ ਪਤਾ ਨਾ ਲੱਗਾ ਤਾਂ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ। ਫੁਟੇਜ ਵਿੱਚ ਸਾਫ਼ ਦੇਖਿਆ ਗਿਆ ਕਿ ਸੀਮਾ ਦੇਰ ਰਾਤ ਚੁਪਚਾਪ ਘਰੋਂ ਬਾਹਰ ਨਿਕਲ ਕੇ ਕਿਤੇ ਫਰਾਰ ਹੋ ਰਹੀ ਹੈ।
ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪੁਲੀਸ ਸੁਪਰਡੰਟ ਵਿਨੀਤ ਭਟਨਾਗਰ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਧੋਖਾਧੜੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਇੱਕ ਟੀਮ ਇਸ ਪੂਰੇ ਗਿਰੋਹ ਅਤੇ ਫਰਾਰ ਲਾੜੀ ਦੀ ਭਾਲ ਵਿੱਚ ਜੁੱਟ ਗਈ ਹੈ ਤਾਂ ਜੋ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।

