ਪੰਜੋਖਰਾ ਸਾਹਿਬ ਮਾਮਲਾ: ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ

ਪੰਜੋਖਰਾ ਸਾਹਿਬ ਮਾਮਲਾ: ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ

ਅੰਬਾਲਾ : ਖਾਲਿਸਤਾਨ ਵਿਰੋਧੀ ਜਥੇਬੰਦੀ ਦੇ ਆਗੂ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਕੇਸ ਦਰਜ ਕਰਨ ਅਤੇ ਉਸ ’ਤੇ ਹਮਲੇ ਦੇ ਦੋਸ਼ ਹੇਠ ਕਾਰਵਾਈ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਅੰਬਾਲਾ ਵਿੱਚ ਸਿੱਖ ਸੰਗਤ ਵੱਲੋਂ ਕੌਮੀ ਮਾਰਗ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋਣ ’ਤੇ ਭੀੜ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਜਾਮ ਨੂੰ ਖੁੱਲਵਾਉਂਦੇ ਸਮੇਂ ਦਰਜਨਾਂ ਪ੍ਰਦਰਸ਼ਨਕਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜਦੋਂ ਕਿ ਅੱਧੀ ਦਰਜਨ ਤੋਂ ਵੱਧ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਪੁਲੀਸ ਮੁਤਾਬਕ ਡੀ ਐੱਸ ਪੀ ਵਰਿੰਦਰ ਸਿੰਘ ਦਾ ਅੰਗੂਠਾ ਕੱਟਿਆ ਗਿਆ ਅਤੇ 7/8 ਮੁਲਾਜ਼ਮ ਹਸਪਤਾਲ ਦੇ ਆਈ ਸੀ ਯੂ ਵਿੱਚ ਦਾਖਲ ਹਨ। ਸਿੱਖ ਸੰਗਤ ਨੇ ਪਹਿਲਾਂ ਗੁਰਦੁਆਰਾ ਪੰਜੋਖਰਾ ਸਾਹਿਬ ਵਿੱਚ ਮੀਟਿੰਗ ਕੀਤੀ। ਇਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਮਗਰੋਂ ਵੱਡੀ ਗਿਣਤੀ ਵਿੱਚ ਲੋਕ ਅੰਬਾਲਾ-ਨਾਰਾਇਣਗੜ੍ਹ ਰੋਡ ’ਤੇ ਪਹੁੰਚ ਗਏ। ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵੱਲੋਂ ਰਸਤਾ ਜਾਮ ਕਰ ਦਿੱਤਾ ਗਿਆ। ਬਾਅਦ ਵਿੱਚ ਵੱਡੀ ਗਿਣਤੀ ਸਿੱਖ ਸੰਗਤ ਅੰਬਾਲਾ ਦਿੱਲੀ ਕੌਮੀ ਮਾਰਗ ’ਤੇ ਜੱਗੀ ਸਿਟੀ ਸੈਂਟਰ ਅੱਗੇ ਧਰਨਾ ਲਾ ਕੇ ਬੈਠ ਗਈ।

ਸੰਗਤ ਦਾ ਦੋਸ਼ ਹੈ ਕਿ ਮੰਡ ਦੀ ਸ਼ਿਕਾਇਤ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ, ਜਦਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦਿੱਤੀ ਸ਼ਿਕਾਇਤ ’ਤੇ ਉਮੀਦ ਮੁਤਾਬਕ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਮੰਡ ਖ਼ਿਲਾਫ਼ ਕੇਸ ਦਰਜ ਕਰਨ, ਨੌਜਵਾਨਾਂ ਖ਼ਿਲਾਫ਼ ਕੀਤੀ ਕਾਰਵਾਈ ਰੱਦ ਕਰਨ ਅਤੇ ਹਿਰਾਸਤ ਵਿੱਚ ਲਏ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ। ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਗੁਰਸਿਮਰਨ ਸਿੰਘ ਮੰਡ ਸੁਰੱਖਿਆ ਕਰਮਚਾਰੀਆਂ ਸਮੇਤ ਗੁਰਦੁਆਰਾ ਪੰਜੋਖਰਾ ਸਾਹਿਬ ਪਹੁੰਚਿਆ ਸੀ। ਇਸ ਦੌਰਾਨ ਹੋਏ ਵਿਵਾਦ ਮਗਰੋਂ ਭੀੜ ਅਤੇ ਨਿਹੰਗਾਂ ਵੱਲੋਂ ਮੰਡ ਦੀ ਕੁੱਟਮਾਰ ਕਰਨ ਅਤੇ ਉਸ ਦੀ ਇਨੋਵਾ ਗੱਡੀ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲੀਸ ਨੇ ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਤਣਾਅ ਵਧਣ ਦੀ ਸੂਚਨਾ ਮਿਲਣ ’ਤੇ ਆਈ ਜੀ ਅੰਬਾਲਾ ਪੰਕਜ ਨੈਨ ਅਤੇ ਐੱਸ ਪੀ ਅਜੀਤ ਸਿੰਘ ਸ਼ੇਖਾਵਤ ਭਾਰੀ ਪੁਲੀਸ ਬਲ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੰਗਤ ਦੀਆਂ ਮੰਗਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਿਹੜੇ ਵਿਅਕਤੀ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹਨ, ਉਨ੍ਹਾਂ ਸਬੰਧੀ ਕਾਰਵਾਈ ਅਦਾਲਤੀ ਪ੍ਰਕਿਰਿਆ ਰਾਹੀਂ ਹੀ ਹੋ ਸਕਦੀ ਹੈ। ਦੇਰ ਸ਼ਾਮ ਤੱਕ ਹਾਈਵੇਅ ’ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

Share: