ਜਨੇਵਾ : ਜਲਵਾਯੂ ਤਬਦੀਲੀ ਕਾਰਨ ਜਿਵੇਂ-ਜਿਵੇਂ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਅਤਿ ਦੀ ਗਰਮੀ ਦੇ ਦੌਰ ਵਧੇਰੇ ਲੰਮੇ ਅਤੇ ਤਿੱਖੇ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ ਗਰਮੀ ਵਾਰ-ਵਾਰ ਪੈ ਰਹੀ ਹੈ। ਸੰਯੁਕਤ ਰਾਸ਼ਟਰ ਦੀ ਮੌਸਮ ਏਜੰਸੀ ਨੇ ਇਹ ਬਿਆਨ ਜਾਰੀ ਕਰਦਿਆਂ ਸੰਨ 1976 ਵਿੱਚ ਯੂਰੋਪ ’ਚ ਪਈ ਗਰਮੀ ਤੋਂ ਬਾਅਦ ਆਈਆਂ ਤਬਦੀਲੀਆਂ ਵੱਲ ਇਸ਼ਾਰਾ ਕੀਤਾ ਹੈ। ਯੂਰੋਪ ਦੇ ਕਈ ਹਿੱਸੇ ਇਸ ਗਰਮੀ ਦੀ ਰੁੱਤ ’ਚ ਪੰਜਵੀਂ ਵਾਰ ਲੂ ਦੀ ਲਪੇਟ ਵਿੱਚ ਆਏ ਹਨ। ਇਸ ਦੌਰਾਨ ਸੋਕੇ ਪੈਣ ਦੇ ਨਾਲ-ਨਾਲ ਜੰਗਲਾਂ ਨੂੰ ਅੱਗ ਲੱਗੀ ਹੈ। ਜਦਕਿ ਤਾਪਮਾਨ ਨੇ ਰਿਕਾਰਡ ਤੋੜ ਦਿੱਤੇ ਹਨ। ਆਲਮੀ ਮੌਸਮ ਵਿਗਿਆਨ ਸੰਗਠਨ ਦੇ ਜਲਵਾਯੂ ਸੂਚਨਾ ਮੁਖੀ ਜੌਹਨ ਕੈਨੇਡੀ ਨੇ ਜਨੇਵਾ ਵਿੱਚ ਕਿਹਾ ਕਿ ਗਰਮੀ ਦੇ ਦੌਰ ਲੰਮੇ ਹੁੰਦੇ ਜਾ ਰਹੇ ਹਨ। ਕੈਨੇਡੀ ਨੇ ਦੱਸਿਆ ਕਿ ਯੂਰੋਪ ਵਿੱਚ ਗਰਮੀ ਦਾ ਮੌਜੂਦਾ ਦੌਰ ਉੱਚ-ਦਬਾਅ ਪ੍ਰਣਾਲੀਆਂ ਦੇ ਨਿਰੰਤਰ ਰੁਝਾਨ ਦਾ ਨਤੀਜਾ ਹੈ। ਉੱਚ-ਦਬਾਅ ਪ੍ਰਣਾਲੀਆਂ ਗਰਮ ਹਵਾ ਨੂੰ ਫਸਾ ਲੈਂਦੀਆਂ ਹਨ, ਬੱਦਲਾਂ ਦੇ ਘੇਰੇ ਨੂੰ ਘਟਾਉਂਦੀਆਂ ਹਨ ਅਤੇ ਠੰਢੀ ਹਵਾ ਨੂੰ ਅੱਗੇ ਵਧਣ ਤੋਂ ਰੋਕਦੀਆਂ ਹਨ।
ਸਪੇਨ ’ਚ ਜੰਗਲਾਂ ਦੀ ਅੱਗ ਰੋਕਣ ਲਈ ਪੁਖ਼ਤਾ ਇੰਤਜ਼ਾਮ
ਮੈਡਰਿਡ: ਸਪੇਨ ਭਲਕੇ ਲੱਗਣ ਵਾਲੇ ਪੂਰਨ ਸੂਰਜ ਗ੍ਰਹਿਣ ਤੋਂ ਪਹਿਲਾਂ ਵੱਡੇ ਪੱਧਰ ’ਤੇ ਪੁਲੀਸ ਦੀ ਤਾਇਨਾਤੀ ਕਰ ਰਿਹਾ ਹੈ। ਜਨਤਕ ਸੁਰੱਖਿਆ ਲਈ ਵੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਗ੍ਰਹਿਣ ਦੌਰਾਨ ਦੇਸ਼ ਵਿੱਚ ਜੰਗਲਾਂ ਨੂੰ ਅੱਗ ਲੱਗਣ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਮੌਸਮ ਏਜੰਸੀ ਮੁਤਾਬਕ ਕਈ ਖੇਤਰਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਸਪੇਨ ਵਿੱਚ ਸੂਰਜ ਗ੍ਰਹਿਣ ਦਾ ਸਭ ਤੋਂ ਵਧੀਆ ਨਜ਼ਾਰਾ ਦਿਖਾਉਣ ਲਈ ਸੈਂਕੜੇ ਥਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੱਖਾਂ ਲੋਕਾਂ ਲਈ ਪਾਰਕਿੰਗ ਅਤੇ ਕੈਂਪਿੰਗ ਖੇਤਰ ਨਿਰਧਾਰਿਤ ਕੀਤੇ ਗਏ ਹਨ।
ਕੈਨੇਡਾ: ਸਿੱਖਾਂ ਨੇ ਜੰਗਲੀ ਅੱਗ ਦੇ ਪੀੜਤਾਂ ਦੀ ਬਾਂਹ ਫੜੀ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਖ-ਵੱਖ ਥਾਈਂ ਜੰਗਲਾਂ ਨੂੰ ਲੱਗੀ ਅੱਗ ਦਾ ਅਸਰ ਕੁਝ ਘਟਣ ਲੱਗਾ ਹੈ। ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਗਏ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮਦਦ ਲਈ ਸਿੱਖ ਭਾਈਚਾਰੇ ਵੱਲੋਂ ਹਿੱਸਾ ਪਾਇਆ ਜਾ ਰਿਹਾ ਹੈ। ਪੈਂਟਿਕਟਨ ਦੀ ਗੁਰਦੁਆਰਾ ਕਮੇਟੀ ਪੀੜਤਾਂ ਦੀ ਮਦਦ ਵਿਚ ਮੋਹਰੀ ਹੈ। ਕਮੇਟੀ ਵੱਲੋਂ ਪੀੜਤ ਲੋਕਾਂ ਲਈ ਲੰਗਰ, ਰਹਿਣ, ਪਹਿਨਣ ਅਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਕਰਵਾਈ ਜਾ ਰਹੀ ਹੈ। ਓਕਨਾਗਨ ਖੇਤਰ ਦੇ ਅੱਗ ਤੋਂ ਬਚੇ ਲੋਕਾਂ ਦੀ ਮਦਦ ਲਈ ਆਮ ਲੋਕ ਵੀ ਕਮੇਟੀ ਦੇ ਰਾਹਤ ਕਾਰਜਾਂ ਵਿੱਚ ਹਿੱਸਾ ਪਾਉਣ ਲੱਗੇ ਹਨ। ਕਮੇਟੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸ਼ਰਨ ਲੈਣ ਲਈ ਆਏ ਹਰੇਕ ਪੀੜਤ ਦੀ ਸਾਂਭ-ਸੰਭਾਲ ਉਦੋਂ ਤੱਕ ਕੀਤੀ ਜਾਏਗੀ, ਜਦ ਤੱਕ ਉਹ ਸੁਰੱਖਿਅਤ ਆਪਣੇ ਘਰ ਵਾਪਸ ਨਹੀਂ ਚਲੇ ਜਾਂਦੇ। ਦੂਜੇ ਪਾਸੇ ਸਰੀ, ਐਬਸਫੋਰਡ, ਵੈਨਕੂਵਰ, ਮਿਸ਼ਨ, ਰਿਚ ਮੀਡੋਅ, ਕੋਕੁਇਟਲਮ ਤੇ ਹੋਰ ਸ਼ਹਿਰਾਂ ’ਚ ਰਹਿੰਦੇ ਸਿੱਖ ਅੱਗ ਪ੍ਰਭਾਵਿਤ ਲੋਕਾਂ ਦੇ ਪੁਨਰ ਵਸੇਬੇ ਲਈ ਲੋੜੀਂਦੀਆਂ ਵਸਤਾਂ ਦੀ ਪੂਰਤੀ ਕਰਾਉਣ ਦੇ ਪ੍ਰਬੰਧ ਕਰਨ ਵਿੱਚ ਜੁਟ ਗਏ ਹਨ।

