‘ਪੰਜਾਬੀ ਆਡੀਓ ਹੋਣ ਨਾਲ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ..’ Harbhajan Singh ਵੱਲੋਂ ਰਾਜਸਥਾਨ ਦੀ ਵੀਡੀਓ ਪੰਜਾਬ ਦੀ ਦੱਸ ਕੇ ਪੋਸਟ ਕਰਨ ’ਤੇ ਪੰਜਾਬ ਪੁਲੀਸ ਦਾ ਜਵਾਬ

‘ਪੰਜਾਬੀ ਆਡੀਓ ਹੋਣ ਨਾਲ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ..’ Harbhajan Singh ਵੱਲੋਂ ਰਾਜਸਥਾਨ ਦੀ ਵੀਡੀਓ ਪੰਜਾਬ ਦੀ ਦੱਸ ਕੇ ਪੋਸਟ ਕਰਨ ’ਤੇ ਪੰਜਾਬ ਪੁਲੀਸ ਦਾ ਜਵਾਬ

ਚੰਡੀਗੜ੍ਹ : ਕ੍ਰਿਕਟਰ ਤੋਂ ਸਿਆਸਤ ਵਿੱਚ ਆਏ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਨਸ਼ੇ ਦੀ ਹਾਲਤ ਵਿੱਚ ਧੁੱਤ ਦੋ ਨੌਜਵਾਨਾਂ ਦੀ ਵੀਡੀਓ ਸਾਂਝੀ ਕਰਦਿਆਂ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਪੰਜਾਬ ਪੁਲੀਸ ਨੇ ਤੁਰੰਤ ਵੱਡਾ ਪਲਟਵਾਰ ਕੀਤਾ ਹੈ। ਪੰਜਾਬ ਪੁਲੀਸ ਨੇ ਹਰਭਜਨ ਸਿੰਘ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਉਨ੍ਹਾਂ ਨੂੰ ਕੋਈ ਵੀ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ (ਫੈਕਟ ਚੈੱਕ) ਕਰਨ ਦੀ ਸਲਾਹ ਦਿੱਤੀ ਹੈ। ਹਰਭਜਨ ਸਿੰਘ ਨੇ ਵੀਡੀਓ ਪੋਸਟ ਕਰਦਿਆਂ ਲਿਖਿਆ ਸੀ, “ਨਜ਼ਰ ਲੱਗ ਗਈ ਯਾਰ ਸਾਡੇ ਪੰਜਾਬ ਨੂੰ… ਸਰਕਾਰਾਂ ਨੇ ਕੀ ਹਾਲ ਬਣਾ ਦਿੱਤਾ ਪੰਜਾਬ ਦਾ ਤੇ ਪੰਜਾਬੀ ਨੌਜਵਾਨਾਂ ਦਾ। ਰੋਣਾ ਆਉਂਦਾ ਏ ਇਹ ਸਭ ਦੇਖ ਕੇ। ਬਖ਼ਸ਼ ਦਿਓ ਮੇਰੇ ਪੰਜਾਬ ਨੂੰ… ਮਾਫ਼ ਕਰੋ ਪੰਜਾਬ ਨੂੰ। ਕਿੱਥੇ ਲੈ ਆਏ ਓ ਪੰਜਾਬ ਨੂੰ? ਜਿਹੜਾ ਪੰਜਾਬ ਕਦੇ ਚੜ੍ਹਦੀ ਕਲਾ, ਹਿੰਮਤ ਤੇ ਬਹਾਦਰੀ ਲਈ ਜਾਣਿਆ ਜਾਂਦਾ ਸੀ, ਅੱਜ ਉਸੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਘੇਰ ਲਿਆ ਏ। ਹਾਲੇ ਵੀ ਵੇਲਾ ਹੈ-ਮੇਰੇ ਪੰਜਾਬ ਨੂੰ ਬਚਾ ਲਓ।”

ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਕਈ ਵਰਤੋਂਕਾਰਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਪੰਜਾਬ ਪੁਲੀਸ ’ਤੇ ਨਸ਼ਿਆਂ ਦੀ ਰੋਕਥਾਮ ਵਿੱਚ ਅਸਫ਼ਲ ਰਹਿਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਦੋਂ ਪੰਜਾਬ ਪੁਲੀਸ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ, ਸਗੋਂ ਗੁਆਂਢੀ ਰਾਜ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ। ਪੰਜਾਬ ਪੁਲੀਸ ਨੇ ਹਰਭਜਨ ਸਿੰਘ ਨੂੰ ਟੈਗ ਕਰਦਿਆਂ ਲਿਖਿਆ, “ਜੋ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ, ਉਹ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ, ਪੰਜਾਬ ਦੀ ਨਹੀਂ। ਇਸ ਦਾ ਪੰਜਾਬ ਪੁਲੀਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵੀਡੀਓ ਉੱਪਰ ਪੰਜਾਬੀ ਆਡੀਓ ਟਰੈਕ ਲਗਾ ਦੇਣ ਨਾਲ ਕੋਈ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ। ਅਸੀਂ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਗੁਮਰਾਹਕੁੰਨ ਸਮੱਗਰੀ ਪੋਸਟ ਕਰਨ ਜਾਂ ਪੰਜਾਬ ਪੁਲੀਸ ਨੂੰ ਟੈਗ ਕਰਨ ਤੋਂ ਪਹਿਲਾਂ ਸਥਾਨ ਅਤੇ ਤੱਥਾਂ ਦੀ ਪੜਤਾਲ ਜ਼ਰੂਰ ਕਰਨ। ਜ਼ਿੰਮੇਵਾਰੀ ਨਾਲ ਜਾਣਕਾਰੀ ਸਾਂਝੀ ਕਰਨਾ ਜ਼ਰੂਰੀ ਹੈ।”

ਪੁਲੀਸ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਨੌਜਵਾਨਾਂ ਵੱਲੋਂ ਹਰਭਜਨ ਸਿੰਘ ’ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਅਤੇ ਸਿਆਸੀ ਹਿੱਤਾਂ ਲਈ ਪੰਜਾਬ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਅਪਰੈਲ ਮਹੀਨੇ ਵਿੱਚ ਹਰਭਜਨ ਸਿੰਘ ਸਮੇਤ 7 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

Share: