ਚੰਡੀਗੜ੍ਹ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ ਸੀ ਏ) ਵੱਲੋਂ ਕਰਵਾਈ ਗਈ ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ ਵਿੱਚ ਹਰਫ਼ਨਮੌਲਾ ਖਿਡਾਰੀ ਸਨਵੀਰ ਸਿੰਘ ਸਭ ਤੋਂ ਮਹਿੰਗਾ ਵਿਕਿਆ। ਫਾਜ਼ਿਲਕਾ ਫਾਲਕਨਜ਼ ਨੇ ਉਸ ਨੂੰ 13.20 ਲੱਖ ਰੁਪਏ ਵਿੱਚ ਖ਼ਰੀਦਿਆ ਹੈ। ਸ਼ੁਭਮਨ ਗਿੱਲ ਇਸ ਟੀਮ ਦਾ ਕਪਤਾਨ ਹੈ। ਇਸ ਤੋਂ ਪਹਿਲਾਂ ਪੀ ਸੀ ਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਨਿਲਾਮੀ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਅੰਮ੍ਰਿਤਸਰ ਸੂਰਮਾਜ਼ ਨੇ ਨਮਨ ਧੀਰ ਨੂੰ 10.80 ਲੱਖ ਅਤੇ ਮੁਹਾਲੀ ਕਿੰਗਜ਼ ਨੇ ਅਮੋਲਪ੍ਰੀਤ ਸਿੰਘ ਨੂੰ 8.20 ਲੱਖ ਰੁਪਏ ਵਿੱਚ ਖ਼ਰੀਦਿਆ। ਬਠਿੰਡਾ ਰੌਇਲਜ਼ ਨੇ ਹਰਨੂਰ ਸਿੰਘ ਅਤੇ ਅਸ਼ਵਨੀ ਕੁਮਾਰ ਨੂੰ 7-7 ਲੱਖ ਰੁਪਏ ਵਿੱਚ ਟੀਮ ਦਾ ਹਿੱਸਾ ਬਣਾਇਆ। ਜਲੰਧਰ ਵਾਰੀਅਰਜ਼ ਨੇ ਸੁਖਦੀਪ ਬਾਜਵਾ ਨੂੰ 6 ਲੱਖ, ਮੁਹਾਲੀ ਕਿੰਗਜ਼ ਨੇ ਹਰਪ੍ਰੀਤ ਬਰਾੜ ਨੂੰ 4 ਲੱਖ ਅਤੇ ਅੰਮ੍ਰਿਤਸਰ ਸੂਰਮਾਜ਼ ਨੇ ਮਯੰਕ ਮਾਰਕੰਡੇ ਨੂੰ 1.50 ਲੱਖ ਰੁਪਏ ਵਿੱਚ ਖ਼ਰੀਦਿਆ। ਪੀ ਸੀ ਏ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਅਨੁਸਾਰ ਇਹ ਨਿਲਾਮੀ ਸੂਬੇ ਦਾ ਬੇਮਿਸਾਲ ਹੁਨਰ ਦਰਸਾਉਂਦੀ ਹੈ। ਫਰੈਂਚਾਇਜ਼ੀਆਂ ਨੇ ਖਿਡਾਰੀਆਂ ਵਿੱਚ ਨਿਵੇਸ਼ ਲਈ ਭਾਰੀ ਉਤਸ਼ਾਹ ਦਿਖਾਇਆ ਹੈ।
ਇਸ ਲੀਗ ਵਿੱਚ ਫਾਜ਼ਿਲਕਾ ਫਾਲਕਨਜ਼, ਅੰਮ੍ਰਿਤਸਰ ਸੂਰਮਾਜ਼, ਲੁਧਿਆਣਾ ਲਾਇਨਜ਼, ਜਲੰਧਰ ਵਾਰੀਅਰਜ਼, ਮੁਹਾਲੀ ਕਿੰਗਜ਼ ਅਤੇ ਬਠਿੰਡਾ ਰੌਇਲਜ਼ ਹਿੱਸਾ ਲੈਣਗੀਆਂ। ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਰਾਮਦੀਪ ਸਿੰਘ ਅਤੇ ਗੁਰਨੂਰ ਬਰਾੜ ਮਾਰਕੀ ਖਿਡਾਰੀ ਹਨ। ਇਨ੍ਹਾਂ ਨੂੰ ਟੀਮਾਂ ਨੇ 10-10 ਲੱਖ ਰੁਪਏ ਵਿੱਚ ਚੁਣਿਆ ਹੈ।
ਸ਼ੇਰੇ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦੀ ਖਿਡਾਰੀ ਨਿਲਾਮੀ ਵਿੱਚ ਬਠਿੰਡਾ ਦੇ ਨੌਜਵਾਨ ਕ੍ਰਿਕਟਰ ਉਦੈ ਪ੍ਰਤਾਪ ਸਹਾਰਨ ਨੇ ਸਭ ਦਾ ਧਿਆਨ ਖਿੱਚਿਆ ਹੈ। ਬਠਿੰਡਾ ਰੌਇਲਜ਼ ਨੇ ਉਦੈ ਨੂੰ 4.20 ਲੱਖ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ। ਉਦੈ ਦੀ ਮੂਲ ਕੀਮਤ ਇੱਕ ਲੱਖ ਰੁਪਏ ਰੱਖੀ ਗਈ ਸੀ।
ਉਦੈ ਪ੍ਰਤਾਪ ਸਹਾਰਨ ਨੇ ਪਿਛਲੇ ਦਿਨੀਂ ਅੰਤਰ-ਜ਼ਿਲ੍ਹਾ ਸੀਨੀਅਰ ਕ੍ਰਿਕਟ ਟੂਰਨਾਮੈਂਟ ਵਿੱਚ ਬਠਿੰਡਾ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਉਸ ਨੇ 203 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਸ ਦੀ ਇਸ ਧਮਾਕੇਦਾਰ ਪਾਰੀ ਨੇ ਕ੍ਰਿਕਟ ਪ੍ਰੇਮੀਆਂ ਅਤੇ ਮਾਹਿਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼ੇਰੇ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ ਵਿੱਚ ਉਦੈ ਪ੍ਰਤਾਪ ਲਈ 4.20 ਲੱਖ ਰੁਪਏ ਦੀ ਬੋਲੀ ਲੱਗਣਾ ਬਠਿੰਡਾ ਕ੍ਰਿਕਟ ਲਈ ਵੀ ਮਾਣ ਵਾਲੀ ਗੱਲ ਹੈ।

