ਦੁਬਈ : ਇਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਹੈ ਕਿ ਹਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲ੍ਹੇਗਾ ਜਦੋਂ ਤੱਕ ਅਮਰੀਕਾ ‘ਆਪਣਾ ਵਤੀਰਾ ਠੀਕ ਨਹੀਂ ਕਰਦਾ।’ ਇਸ ਬਿਆਨ ਨੇ ਜਲ ਮਾਰਗ ਦੇ ਪ੍ਰਬੰਧਨ ਲਈ ਸਮਝੌਤੇ ਦੀ ਵਾਰਤਾ ਨੂੰ ਝਟਕਾ ਦਿੱਤਾ ਹੈ। ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਕੌਂਸਲ ਦੇ ਸਕੱਤਰ ਮੁਹੰਮਦ ਬਾਗ਼ੇਰ ਜ਼ੋਲਗ਼ਾਦਰ, ਜੋ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਵੀ ਹਨ, ਦੇ ਹਵਾਲੇ ਨਾਲ ਦੱਸਿਆ ਕਿ ਅਮਰੀਕਾ ਨੂੰ ਇਰਾਨ ਨੂੰ ਕਦੇ ਵੀ ਧਮਕੀ ਨਹੀਂ ਦੇਣੀ ਚਾਹੀਦੀ ਅਤੇ ਇਰਾਨ ਅਤੇ ਇਸ ਦੇ ਖੇਤਰ ਵਿੱਚ ਉਸ ਦੇ ਹਥਿਆਰਬੰਦ ਸਹਿਯੋਗੀਆਂ ਨਾਲ ਜੰਗ ਪੱਕੇ ਤੌਰ ’ਤੇ ਖ਼ਤਮ ਕਰਨੀ ਚਾਹੀਦੀ। ਅਮਰੀਕਾ ਨੂੰ ਇਰਾਨੀ ਬੰਦਰਗਾਹਾਂ ਦੀ ਜਲ ਸੈਨਾ ਦੀ ਘੇਰਾਬੰਦੀ ਹਟਾਉਣੀ ਚਾਹੀਦੀ ਹੈ ਅਤੇ ਆਪਣੀ ਫ਼ੌਜ ਇਸ ਖੇਤਰ ਤੋਂ ਵਾਪਸ ਲੈਣੀ ਚਾਹੀਦੀ ਹੈ। ਜੰਗ ਕਾਰਨ ਹੋਏ ਨੁਕਸਾਨ ਲਈ ਇਰਾਨ ਨੂੰ ‘ਮੁਆਵਜ਼ਾ’ ਦੇਣਾ ਚਾਹੀਦਾ ਹੈ, ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਹਨ ਅਤੇ ਫਰੀਜ਼ ਕੀਤੀਆਂ ਸੰਪਤੀਆਂ ‘ਬਿਨਾਂ ਸ਼ਰਤ’ ਛੱਡਣੀਆਂ ਚਾਹੀਦੀਆਂ ਹਨ। ਅਮਰੀਕਾ ਨੇ ਇਸ ਸਬੰਧੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਇਸੇ ਦੌਰਾਨ ਇਰਾਨ ਨੇ ਕਿਹਾ ਕਿ ਉਹ ਜਲ ਮਾਰਗ ਦੇ ਪ੍ਰਬੰਧਨ ਲਈ ਓਮਾਨ ਨਾਲ ਵੱਖਰਾ ਸਮਝੌਤਾ ਕਰਨ ਦੇ ਨੇੜੇ ਹੈ। ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਨੇ ਅਬੂ ਧਾਬੀ ਦੀ ਮਲਕੀਅਤ ਵਾਲੀ ਤੇਲ ਅਤੇ ਗੈਸ ਕੰਪਨੀ ਦੇ ਮਾਲਵਾਹਕ ਜਹਾਜ਼ ’ਤੇ ਮਿਜ਼ਾਈਲ ਦਾਗ਼ੀ ਹੈ। ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੇਜ਼ੇਸ਼ਕੀਅਨ ਤੇ ਖ਼ਮੇਨੇਈ ਦਰਮਿਆਨ ਮੁਲਾਕਾਤ ਦਾ ਦਾਅਵਾ
ਤਹਿਰਾਨ: ਇਰਾਨ ਦੇ ਸਰਕਾਰੀ ਪ੍ਰਸਾਰਕ ਪ੍ਰੈੱਸ ਟੀ ਵੀ ਨੇ ਅੱਜ ਦਾਅਵਾ ਕੀਤਾ ਕਿ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਮੁਲਕ ਦੇ ਸਿਖਰਲੇ ਆਗੂ ਮੁਜਤਬਾ ਖ਼ਮੇਨੇਈ ਨਾਲ ਮੁਲਾਕਾਤ ਕਰ ਕੇ ਦੇਸ਼ ਦੇ ਫ਼ੌਜੀ ਤੇ ਆਰਥਿਕ ਮਾਮਲਿਆਂ ਬਾਰੇ ਚਰਚਾ ਕੀਤੀ ਹੈ। ਇਹ ਦਾਅਵਾ ਇਜ਼ਰਾਇਲੀ ਮੀਡੀਆ ਦੀ ਉਸ ਰਿਪੋਰਟ ਮਗਰੋਂ ਕੀਤਾ ਗਿਆ ਹੈ ਜਿਸ ’ਚ ਕਿਹਾ ਗਿਆ ਸੀ ਕਿ ਖ਼ਮੇਨੇਈ ਦੀ ਹਾਲਤ ‘ਬਹੁਤ ਜ਼ਿਆਦਾ ਗੰਭੀਰ’ ਹੈ। ਪ੍ਰੈੱਸ ਟੀ ਵੀ ਅਨੁਸਾਰ, ‘‘ਗੱਲਬਾਤ ਦੌਰਾਨ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ, ਇਰਾਨ ਖ਼ਿਲਾਫ਼ ਅਮਰੀਕੀ-ਇਜ਼ਰਾਇਲੀ ਜੰਗ ਦੇ ਹਾਲਾਤ ਅਤੇ ਭਵਿੱਖ ਦੀਆਂ ਸੰਭਾਵਨਾਵਾਂ, ਫ਼ੌਜੀ ਪ੍ਰਗਤੀ ਅਤੇ ਸਰੋਤਾਂ ਨੂੰ ਸੁਰੱਖਿਅਤ ਕਰਨ ਅਤੇ ਰਿਆਲ, ਵਿਦੇਸ਼ੀ ਮੁਦਰਾ ਅਤੇ ਊਰਜਾ ਖ਼ਰਚਿਆਂ ਦੇ ਪ੍ਰਬੰਧਨ ਦੇ ਢੰਗਾਂ ਦੇ ਨਾਲ-ਨਾਲ ਵਿਦੇਸ਼ੀ ਭਾਈਵਾਲਾਂ ਨਾਲ ਆਰਥਿਕ ਸ਼ਮੂਲੀਅਤ ਬਾਰੇ ਚਰਚਾ ਕੀਤੀ ਗਈ।’’ ਦੋਵਾਂ ਨੇਤਾਵਾਂ ਵਿਚਕਾਰ ਇਸ ਗੱਲਬਾਤ ਨੂੰ ਮੁਜਤਬਾ ਖ਼ਮੇਨੇਈ ਨਾਲ ਸਬੰਧਤ ਫ਼ਾਰਸੀ ਐਕਸ ਅਕਾਊਂਟ ਰਾਹੀਂ ਵੀ ਸਾਂਝਾ ਕੀਤਾ ਗਿਆ ਹੈ।
ਹੂਤੀਆਂ ਨੇ ਸਾਊਦੀ ਅਰਬ ਦੀ ਰਿਫਾਇਨਰੀ ’ਤੇ ਹਮਲਾ ਕੀਤਾ
ਸਨਾ: ਹੂਤੀਆਂ ਦੇ ਫ਼ੌਜੀ ਬੁਲਾਰੇ ਯਾਹੀਆ ਸਾਰੀ ਨੇ ਕਿਹਾ ਹੈ ਕਿ ਉਨ੍ਹਾਂ ਡਰੋਨ ਨਾਲ ਸਾਊਦੀ ਅਰਬ ਦੇ ਜਜ਼ਾਨ ਸ਼ਹਿਰ ਵਿੱਚ ਅਰਾਮਕੋ ਦੀ ਰਿਫਾਇਰੀ ਨੂੰ ਨਿਸ਼ਾਨਾ ਬਣਾਇਆ। ਹਮਲਾ ਹੱਜਾ ਅਤੇ ਸਾਦਾ ਸੂਬਿਆਂ ਉੱਤੇ ਯਮਨ ਦੇ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ ਸਾਊਦੀ ਡਰੋਨਾਂ ਦੇ ਜਵਾਬ ਵਿੱਚ ਕੀਤਾ ਗਿਆ ਹੈ। ਸਾਊਦੀ ਊਰਜਾ ਮੰਤਰਾਲੇ ਨੇ ਅੱਜ ਅਰਾਮਕੋ ਰਿਫਾਇਰੀ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ। ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

