ਚੰਡੀਗਡ਼੍ਹ : ਮੌਨਸੂਨ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਅੱਜ ਪੰਜਾਬ ਵਿਧਾਨ ਸਭਾ ’ਚ ਅਮਨ ਕਾਨੂੰਨ ਦੀ ਸਥਿਤੀ ਅਤੇ ਗੈਂਗਸਟਰਾਂ ਦਾ ਮੁੱਦਾ ਗੂੰਜਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਦਨ ’ਚ ਗੈਂਗਸਟਰਾਂ ਅਤੇ ਪੰਜਾਬ ਪੁਲੀਸ ਦੇ ਅਫ਼ਸਰਾਂ ਦੇ ਕਥਿਤ ਗੱਠਜੋੜ ਨਾਲ ਸੂਬੇ ’ਚ ਵਧ ਰਹੇ ਫਿਰੌਤੀ ਕਲਚਰ ’ਤੇ ਸੂਬਾ ਸਰਕਾਰ ਨੂੰ ਘੇਰਿਆ। ਸੱਤਾਧਾਰੀ ਤੇ ਵਿਰੋਧੀ ਧਿਰ ਇਸ ਮੁੱਦੇ ’ਤੇ ਆਪਸ ’ਚ ਮਿਹਣੋ-ਮਿਹਣੀ ਵੀ ਹੋਈ। ਪ੍ਰਤਾਪ ਸਿੰਘ ਬਾਜਵਾ ਨੇ ਅਮਰੀਕੀ ਏਜੰਸੀ ਐੱਫ ਬੀ ਆਈ ਦੇ ਹਵਾਲੇ ਨਾਲ ਗੱਲ ਤੋਰੀ। ਬਾਜਵਾ ਨੇ ਕਿਹਾ ਕਿ ਐੱਫ ਬੀ ਆਈ ਨੇ ਆਪਣੀ ਜਾਂਚ ’ਚ ਪੰਜਾਬ ਪੁਲੀਸ ਦੇ ਐੱਸ ਐੱਚ ਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਫਿਰੌਤੀ ਮਾਮਲੇ ’ਚ ਨਾਮਜ਼ਦ ਕੀਤਾ ਹੈ ਜਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਹਵਾਲੇ ਨਾਲ ਫਿਰੌਤੀ ਦੀ ਮੰਗ ਕੀਤੀ ਸੀ। ਪੰਜਾਬ ਪੁਲੀਸ ਦੇ ਅਫ਼ਸਰ ਇਸ ਫਿਰੌਤੀ ਧੰਦੇ ’ਚ ਸ਼ਾਮਲ ਹਨ। ਡਰੱਗ ਕੇਸ ’ਚ ਏ ਆਈ ਜੀ ਗੁੰਮ ਹੈ ਅਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲਾ ਡੀ ਐੱਸ ਪੀ ਬਰਖ਼ਾਸਤ ਕਰਨਾ ਪਿਆ। ਬਾਜਵਾ ਨੇ ਦਰਜਨ ਪੁਲੀਸ ਅਫ਼ਸਰਾਂ ’ਤੇ ਉਂਗਲ ਉਠਾਈ।
ਇਸ ਦਾ ਜਵਾਬ ਦਿੰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ’ਤੇ ਬਿਨਾਂ ਗੱਲੋਂ ਇਹ ਦੋਸ਼ ਲਾਏ ਜਾ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੋੜਵੇਂ ਜਵਾਬ ’ਚ ਪਿਛਲੀ ਕਾਂਗਰਸ ਸਰਕਾਰ ਦਾ ਕਾਰਜਕਾਲ ਵਿਰੋਧੀ ਧਿਰ ਨੂੰ ਚੇਤੇ ਕਰਾਇਆ। ਅਮਨ ਅਰੋੜਾ ਨੇ 2021 ਦੇ ਪੰਜਾਬ ਵਿਧਾਨ ਸਭਾ ਦੇ ਦ੍ਰਿਸ਼ ਦੇ ਹਵਾਲੇ ਨਾਲ ਕਿਹਾ ਕਿ ਉਦੋਂ ਬਿਕਰਮ ਸਿੰਘ ਮਜੀਠੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਇਸ ਗੱਲ ’ਤੇ ਹੀ ਭਿੜਦੇ ਹੁੰਦੇ ਸਨ। ਇੱਕ ਕਹਿੰਦਾ ਸੀ ਕਿ ਜੱਗੂ ਭਗਵਾਨਪੁਰੀਆ ਤੇਰਾ ਪ੍ਰੋਡਕਟ ਹੈ, ਦੂਜੇ ਕਹਿੰਦਾ ਸੀ ਕਿ ਤੇਰਾ।
ਅਮਨ ਅਰੋੜਾ ਨੇ ਮਿਹਣਾ ਮਾਰਿਆ, ‘‘ਇਹ ਕੰਡੇ ਥੋਡੇ ਹੀ ਬੀਜੇ ਹੋਏ ਹਨ, ਉਹੀ ਚੁਗਣ ’ਤੇ ਲੱਗੇ ਹੋਏ ਹਾਂ।’’ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ’ਤੇ ਫ਼ਿਕਰ ਜ਼ਾਹਿਰ ਕਰਦਿਆਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅਸਲਾ ਲਾਇਸੈਂਸ ਜਾਰੀ ਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਥਾਣਿਆਂ ’ਚ ਨਫ਼ਰੀ ਘੱਟ ਹੈ ਤੇ ਮਾੜੇ ਅਨਸਰਾਂ ਨੂੰ ਇਸ ਦਾ ਇਲਮ ਹੈ। ਜਿਹੜੇ ਲੋਕ ਪਿੰਡੋਂ ਬਾਹਰ ਢਾਣੀਆਂ ’ਚ ਰਹਿੰਦੇ ਹਨ, ਉਨ੍ਹਾਂ ਨੂੰ ਅਸਲਾ ਲਾਇਸੈਂਸ ਬਿਨਾਂ ਸ਼ਰਤ ਤੋਂ ਜਾਰੀ ਕੀਤੇ ਜਾਣ ਕਿਉਂਕਿ ਗੈਂਗ ਇਨ੍ਹਾਂ ਢਾਣੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਆਜ਼ਾਦ ਵਿਧਾਇਕ ਨੇ ਰਾਈਫ਼ਲ ਤੇ 12 ਬੋਰ ਦੇ ਲਾਇਸੈਂਸ ਦੇਣ ਦੀ ਗੱਲ ਕਹੀ। ਉਨ੍ਹਾਂ ਅਸਲਾ ਲਾਇਸੈਂਸ ਦੀ ਵਿਰਾਸਤ ਚੜ੍ਹਾਉਣ ’ਚ ਆ ਰਹੀਆਂ ਦਿੱਕਤਾਂ ਨੂੰ ਵੀ ਦੂਰ ਕਰਨ ਦੀ ਮੰਗ ਕੀਤੀ। ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਵੀ ਅਸਲਾ ਲਾਇਸੈਂਸ ਜਾਰੀ ਕਰਨ ਦੀ ਦਲੀਲ ਦਿੱਤੀ, ਜਿਨ੍ਹਾਂ ਨੂੰ ਹਿਫ਼ਾਜ਼ਤ ਲਈ ਅਸਲਾ ਲੋੜੀਂਦਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਅਸਲਾ ਲਾਇਸੈਂਸ ਚੰਡੀਗੜ੍ਹ ਦੀ ਹਦੂਦ ’ਚ ਪ੍ਰਵਾਨਿਤ ਹੋਣ ਬਾਰੇ ਲਿਖੇ ਪੱਤਰ ਤੋਂ ਸਦਨ ਨੂੰ ਜਾਣੂ ਕਰਾਇਆ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਅਸਲਾ ਮਿਲਣਾ ਚਾਹੀਦਾ ਹੈ ਪਰ ਪੰਜਾਬ ’ਚ ਪਹਿਲਾਂ ਹੀ ਸਮੁੱਚੇ ਦੇਸ਼ ਦਾ 10 ਫ਼ੀਸਦ ਅਸਲਾ ਹੈ। ਇਸੇ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਜਲੰਧਰ ਛਾਉਣੀ ਵਿਚ ਆਮ ਲੋਕਾਂ ਲਈ ਬਣੇ ਰਸਤੇ ਕਾਰਨ ਆਉਂਦੀਆਂ ਦਿੱਕਤਾਂ ਦੇ ਵੇਰਵੇ ਸਾਂਝੇ ਕੀਤੇ। ਪ੍ਰਿੰਸੀਪਲ ਬੁੱਧ ਰਾਮ ਨੇ ਉਸ ਠੇਕੇਦਾਰ ਖ਼ਿਲਾਫ਼ ਪੁਲੀਸ ਕਾਰਵਾਈ ਮੰਗੀ ਜਿਸ ਨੇ ਬੁਢਲਾਡਾ, ਬਰੇਟਾ ਤੇ ਬੋਹਾ ਦੀਆਂ ਸੜਕਾਂ ਨੂੰ ਅੱਧ ਵਿਚਾਲੇ ਛੱਡਿਆ ਹੈ।
ਭਾਖੜਾ ਬੰਨ੍ਹ ਟੁੱਟਣ ਦਾ ਕੋਈ ਖ਼ਤਰਾ ਨਹੀਂ: ਗੋਇਲ
ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਣੀ ਦੇ ਦਬਾਅ ਬਣਨ ਕਾਰਨ ਭਾਖੜਾ ਡੈਮ ਦੇ ਝੁਕਣ ਨੂੰ ਪੰਜਾਬ ਲਈ ਵੱਡਾ ਖ਼ਤਰਾ ਦੱਸਿਆ। ਉਨ੍ਹਾਂ ਕਿਹਾ ਕਿ ਡੈਮ ’ਚ ਗਾਰ ਜਮ੍ਹਾ ਹੋਣ ਅਤੇ ਪਾਣੀ ਦਾ ਦਬਾਅ ਵਧਣ ਕਾਰਨ ਇਹ ਡੈਮ ਕਦੇ ਵੀ ਟੁੱਟ ਸਕਦਾ ਹੈ। ਕੇਂਦਰੀ ਕਮੇਟੀ ਨੇ ਵੀ ਡੈਮ ਦੀ ਡੀਸਿਲਟਿੰਗ ਲਈ ਕੋਈ ਕਦਮ ਨਹੀਂ ਵਧਾਏ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸਪੱਸ਼ਟ ਕੀਤਾ ਕਿ ਡੈਮ ਦੇ ਟੁੱਟਣ ਦਾ ਕੋਈ ਖ਼ਤਰਾ ਨਹੀਂ ਹੈ। ਪਹਿਲਾਂ ਵੀ ਡੈਮ ਪਾਣੀ ਦੇ ਦਬਾਅ ਨਾਲ 15 ਵਾਰ ਝੁਕ ਚੁੱਕਿਆ ਹੈ ਪਰ ਮੁੜ ਪੁਰਾਣੀ ਸਥਿਤੀ ’ਚ ਆਇਆ ਵੀ ਹੈ।
‘ਸ਼ਹੀਦਾਂ ਦੇ ਖੂਹ’ ਦਾ ਮਾਮਲਾ ਉੱਠਿਆ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਚਲੇ ਸ਼ਹੀਦਾਂ ਦੇ ਖੂਹ ਨੂੰ 282 ਸ਼ਹੀਦਾਂ ਨਾਲ ਜੁੜੇ ਹੋਣ ਦਾ ਹਵਾਲਾ ਦਿੰਦਿਆਂ ਇਨ੍ਹਾਂ ਸ਼ਹੀਦਾਂ ਦੀ ਯਾਦ ’ਚ ਮਿਊਜ਼ੀਅਮ ਤੇ ਆਡੀਟੋਰੀਅਮ ਬਣਾਏ ਜਾਣ ਦੀ ਮੰਗ ਕੀਤੀ। ਸੱਤ ਏਕੜ ਜ਼ਮੀਨ ’ਚ ਸਟੇਡੀਅਮ ਉਸਾਰੇ ਜਾਣ ਦਾ ਤਰਕ ਵੀ ਦਿੱਤਾ। ਅਜਨਾਲਾ ਦੇ ਸੁੰਦਰੀਕਰਨ ਅਤੇ ਰਾਵੀ ਨੇੜੇ ਪੈਂਦੇ ਗੈਸਟ ਹਾਊਸ ਨੂੰ ਯਾਦਗਾਰ ’ਚ ਤਬਦੀਲ ਕਰਨ ਦੀ ਅਪੀਲ ਵੀ ਕੀਤੀ।

