11 ਸਾਲ ਦੀ Andaz Kaur Brar ਦਾ ਨਾਂ Influencer Book of World Records ਵਿੱਚ ਦਰਜ

11 ਸਾਲ ਦੀ Andaz Kaur Brar ਦਾ ਨਾਂ Influencer Book of World Records ਵਿੱਚ ਦਰਜ

ਸ੍ਰੀ ਮੁਕਤਸਰ ਸਾਹਿਬ : ਐਡਵੈਂਚਰ ਨਾਲ ਜੁੜੇ ਜਗਜੀਤ ਸਿੰਘ ਮਾਨ ਅਤੇ ਪਰਮਿੰਦਰ ਕੌਰ ਮਾਨ ਦੀ ਦੋਹਤੀ ਅਤੇ ਜਿੰਦਪ੍ਰੀਤ ਮਾਨ ਤੇ ਸੰਦੀਪ ਸਿੰਘ ਬਰਾੜ ਦੀ ਧੀ ਅੰਦਾਜ਼ ਕੌਰ ਬਰਾੜ ਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ। ਆਪਣੀ ਬਹੁਪੱਖੀ ਸ਼ਖ਼ਸੀਅਤ ਸਦਕਾ ਉਸ ਨੇ ਸੱਭਿਆਚਾਰ, ਦੇਸ਼ ਭਗਤੀ, ਖੇਡਾਂ ਅਤੇ ਸਮਾਜ ਸੇਵਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤਹਿਤ ਉਸ ਦਾ ਨਾਂ ਇਨਫਲੂਐਂਸਰ ਬੁੱਕ ਆਫ ਵਰਲਡ ਰਿਕਾਰਡਜ਼ ਅਤੇ ਭਾਰਤ ਰਿਕਾਰਡ ਬੁੱਕ ਵਿੱਚ ਦਰਜ ਹੋਇਆ ਹੈ। ਸੰਸਥਾ ਵੱਲੋਂ ਉਸ ਨੂੰ ਸਰਟੀਫਿਕੇਟ, ਸ਼ੀਲਡ, ਲਾਕਟ ਅਤੇ ਪੈੱਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਅੰਦਾਜ਼ ਕੌਰ ਬਰਾੜ ਦਾ ਜਨਮ ਆਸਟਰੇਲੀਆ ਵਿੱਚ ਹੋਇਆ ਹੈ। ਕੈਨੇਡਾ ਦੀ ਪੱਕੀ ਵਸਨੀਕ ਹੋਣ ਦੇ ਬਾਵਜੂਦ ਉਸ ਕੋਲ ਭਾਰਤੀ ਪਾਸਪੋਰਟ ਹੈ। ਉਸ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸਮੇਤ ਕਈ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਹੈ। ਉਸ ਨੇ ਮਹਿਜ਼ 11 ਮਹੀਨੇ ਅਤੇ 13 ਦਿਨਾਂ ਦੀ ਉਮਰ ਵਿੱਚ ਪੈਰਾਸੇਲਿੰਗ ਕਰ ਕੇ ਆਪਣੀ ਨਿਡਰਤਾ ਦਾ ਸਬੂਤ ਦਿੱਤਾ ਸੀ। ਇਸ ਤੋਂ ਇਲਾਵਾ ਉਸ ਨੇ ਵੱਖ-ਵੱਖ ਸਮਾਗਮਾਂ ਵਿੱਚ ਭਾਰਤ ਦਾ ਰਾਸ਼ਟਰੀ ਗਾਨ ਗਾ ਕੇ ਦੇਸ਼ ਭਗਤੀ ਦਾ ਸੁਨੇਹਾ ਵੀ ਦਿੱਤਾ ਹੈ। ਉਹ ਪਹਾੜੀ ਟਰੈਕਿੰਗ, ਸਾਈਕਲਿੰਗ ਅਤੇ ਬਾਸਕਟਬਾਲ ਵਿੱਚ ਹਿੱਸਾ ਲੈਂਦੀ ਹੈ। ਉਹ ਨੇਤਰਹੀਣ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਉਂਦੀ ਹੈ ਅਤੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਮਦਦ ਕਰਦੀ ਹੈ। ਜਗਜੀਤ ਸਿੰਘ ਮਾਨ ਨੇ ਦੱਸਿਆ ਕਿ ਹਾਲ ਹੀ ਵਿੱਚ ਅੰਦਾਜ਼ ਨੇ ਉਨ੍ਹਾਂ ਨਾਲ ਮੋਟਰਸਾਈਕਲ ’ਤੇ ਜੰਮੂ ਕਸ਼ਮੀਰ ਦਾ ਦੌਰਾ ਕਰ ਕੇ ਇੱਕ ਹੋਰ ਰਿਕਾਰਡ ਆਪਣੇ ਨਾਂ ਕੀਤਾ ਹੈ।

ਇਨ੍ਹਾਂ ਪ੍ਰਾਪਤੀਆਂ ’ਤੇ ਭਾਜਪਾ ਆਗੂ ਦਿਆਲ ਸਿੰਘ ਸੋਢੀ, ਸਾਬਕਾ ਡੀ ਟੀ ਓ ਗੁਰਚਰਨ ਸਿੰਘ ਸੰਧੂ, ਸਾਬਕਾ ਪੁਲੀਸ ਅਧਿਕਾਰੀ ਜਗਸੀਰ ਸਿੰਘ, ਗੁਰਜੰਟ ਜਟਾਨਾ, ਮਨਦੀਪ ਸੋਢੀ, ਤੁੰਗਵਾਲੀ ਤੋਂ ਪ੍ਰਧਾਨ ਨਛੱਤਰ ਸਿੰਘ ਕਾਲਾ, ਬਲਵਿੰਦਰ ਸਿੰਘ ਮਾਨ, ਸਰਪੰਚ ਜੁਗਿੰਦਰ ਸਿੰਘ, ਰਘਬੀਰ ਸਿੰਘ ਮਾਨ, ਯਾਦਵਿੰਦਰ ਮਾਨ ਅਤੇ ਗੁਰਚਰਨ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਅੰਦਾਜ਼ ਕੌਰ ਨੇ ਆਪਣੇ ਹਾਣੀਆਂ ਨੂੰ ਕਿਹਾ ਕਿ ਹਿੰਮਤ ਅਤੇ ਸਮਝਦਾਰੀ ਨਾਲ ਕੰਮ ਕਰਨ ਉੱਤੇ ਸਫ਼ਲਤਾ ਜ਼ਰੂਰ ਮਿਲਦੀ ਹੈ।

Share: