ਹਰਿਦੁਆਰ : ਹਰਿਦੁਆਰ ਦੇ ਜਟਵਾੜਾ ਪੁਲ ਕੋਲ ਗੰਗਾ ਨਹਿਰ ਵਿੱਚ ਚੰਡੀਗੜ੍ਹ ਦੇ ਚਾਰ ਨਾਬਾਲਗ ਕਾਂਵੜੀਏ ਡੁੱਬ ਗਏ ਜਿਨ੍ਹਾਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਸੀ। ਉਹ ਉਸ ਗਰੁੱਪ ਦਾ ਹਿੱਸਾ ਸਨ ਜੋ ਕਾਂਵੜ ਯਾਤਰਾ ਲਈ ਹਰਿਦੁਆਰ ਆਇਆ ਹੋਇਆ ਸੀ ਅਤੇ ਗੰਗਾ ਜਲ ਲੈ ਕੇ ਵਾਪਸ ਪਰਤ ਰਿਹਾ ਸੀ। ਪੁਲੀਸ ਅਨੁਸਾਰ ਇਹ ਗਰੁੱਪ ਜਵਾਲਾਪੁਰ ਖੇਤਰ ਵਿੱਚ ਜਟਵਾੜਾ ਪੁਲ ਦੇ ਨੇੜੇ ਗੰਗਾ ਨਹਿਰ ਦੇ ਨਾਲ ਲੱਗਦੇ ਇੱਕ ਘਾਟ ‘ਤੇ ਇਸ਼ਨਾਨ ਕਰਨ ਲਈ ਰੁਕਿਆ। ਇਸ ਦੌਰਾਨ ਕਾਂਵੜੀਆਂ ਵਿੱਚੋਂ ਇੱਕ ਨੌਜਵਾਨ ਡੁੱਬਣ ਲੱਗਾ। ਉਸ ਦੇ ਤਿੰਨ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਪਾਣੀ ਜ਼ਿਆਦਾ ਡੂੰਘਾ ਸੀ ਜਿਸ ਕਾਰਨ ਉਹ ਪਾਣੀ ਵਿਚ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਇਹ ਸੂਚਨਾ ਮਿਲੀ ਸੀ ਕਿ ਗੰਗਾ ਦੀ ਸਫ਼ਾਈ ਦੇ ਚੱਲ ਰਹੇ ਕੰਮਾਂ ਕਾਰਨ ਨਹਿਰ ਵਿੱਚ ਪਾਣੀ ਦਾ ਪੱਧਰ ਘੱਟ ਸੀ, ਜਿਸ ਕਾਰਨ ਕਾਂਵੜੀਏ ਵਿਚਕਾਰਲੇ ਹਿੱਸੇ ਵਿੱਚ ਚਲੇ ਗਏ, ਜਿੱਥੇ ਉਹ ਫਸ ਗਏ ਅਤੇ ਡੁੱਬ ਗਏ। ਇਸ ਤੋਂ ਬਾਅਦ ਸਥਾਨਕ ਪੁਲੀਸ ਅਤੇ ਹੋਰ ਬਚਾਅ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਰਿਦੁਆਰ ਦੇ ਸਿਟੀ ਪੁਲੀਸ ਕਪਤਾਨ ਅਭੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਲੰਮੀ ਤਲਾਸ਼ੀ ਮੁਹਿੰਮ ਤੋਂ ਬਾਅਦ ਨਹਿਰ ਵਿੱਚੋਂ ਚਾਰੇ ਕਾਂਵੜੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਸ਼ਿਵਾਂਸ਼ੂ (16), ਨਿਤੇਸ਼ (17) ਅਤੇ ਭਰਤ (17), ਜੋ ਕਿ ਸਾਰੇ ਚੰਡੀਗੜ੍ਹ ਦੇ ਸੈਕਟਰ 16 ਦੇ ਰਹਿਣ ਵਾਲੇ ਸਨ ਅਤੇ ਰੋਹਿਤ ਪ੍ਰਜਾਪਤੀ (18), ਜੋ ਕਿ ਚੰਡੀਗੜ੍ਹ ਦੇ ਸੈਕਟਰ 26 ਦਾ ਰਹਿਣ ਵਾਲਾ ਸੀ, ਵਜੋਂ ਹੋਈ ਹੈ।

