ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਭੱਕੂਮਾਜਰਾ ਤੋਂ ਪਿੰਡ ਤਾਲਾਪੁਰ ਵਿਖੇ ਵਿਆਹੀ ਮਹਿਲਾ ਵੱਲੋਂ ਫਾਹਾ ਲਗਾ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਇਸ ਸਮੇ ਆਪਣੇ ਸਹੁਰੇ ਪਰਿਵਾਰ ਸਮੇਤ ਮੁੰਡੀ ਖਰੜ ਦੇ ਮੁਹੱਲਾ ਘੁਮਿਆਰਾ ਵਾਲਾ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ।  ਕਥਿਤ ਤੌਰ ’ਤੇ ਮਨਪ੍ਰੀਤ ਨੇ ਸਹੁਰੇ ਪਰਿਵਾਰ ਲਗਾਤਾਰ ਤੰਗ-ਪਰੇਸ਼ਾਨ ਕੀਤੇ ਜਾਣ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੈ। ਇਸੇ ਦੌਰਾਨ ਪੁਲੀਸ ਨੇ ਮ੍ਰਿਤਕਾ ਦੇ ਪਿਤਾ ਪ੍ਰਿਤਪਾਲ ਸਿੰਘ ਪਿੰਡ ਭੱਕੂਮਾਜਰਾ ਦੇ ਬਿਆਨ ਦੇ ਅਧਾਰ ਤੇ ਪਤੀ ਅਮਨਦੀਪ ਸਿੰਘ ਸਹੁਰਾ ਅਜੀਤ ਸਿੰਘ ਅਤੇ ਸੱਸ ਕੁਲਦੀਪ ਕੌਰ ਦੇ ਖਿਲਾਫ਼ ਵੱਖ – ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਹੈ।  ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਦਾ ਵਿਆਹ 2020 ਵਿੱਚ ਅਮਨਦੀਪ ਸਿੰਘ ਵਾਸੀ ਪਿੰਡ ਤਾਲਾਪੁਰ ਨਾਲ ਹੋਇਆ ਸੀ। ਇਹ ਪਰਿਵਾਰ ਪਹਿਲਾਂ ਲੁਧਿਆਣਾ ਵਿਚ ਅਤੇ ਹੁਣ ਕਾਫੀ ਸਮੇਂ ਤੋਂ ਮੁੰਡੀ ਖਰੜ ਵਿੱਚ ਰਹਿ ਰਿਹਾ ਸੀ।ਉਨ੍ਹਾਂ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਹੀ ਮਨਪ੍ਰੀਤ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਵੱਲੋ ਕਈ ਵਾਰ ਆਪਸੀ ਸਮਝੌਤਾ ਕਰਵਾਉਣ ਉਪਰੰਤ ਮਨਪ੍ਰੀਤ ਕੌਰ ਆਪਣੇ ਸਹੁਰੇ ਘਰ ਚਲੀ ਜਾਂਦੀ ਸੀ ਪ੍ਰੰਤੂ ਫਿਰ ਵੀ  ਉਹ ਉਸ ਨੂੰ ਝਗੜੇ ਸਬੰਧੀ ਫ਼ੋਨ ਕਰ ਦਿੰਦੀ ਸੀ। ਉਨ੍ਹਾਂ ਦੱਸਿਆ ਕਿ ਅੱਜ ਵੀ ਮਨਪ੍ਰੀਤ ਕੌਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਹੋਇਆ ਸੀ, ਜਿਸ ਸਬੰਧੀ ਸੂਚਨਾ ਮਿਲਣ ਤੇ ਜਦੋਂ ਉਹ ਮਨਪ੍ਰੀਤ ਕੌਰ ਦੇ ਘਰ ਪਹੁੰਚੇ ਤਾਂ ਉਸ ਨੇ ਆਪਣੇ ਕਮਰੇ ਵਿੱਚ ਬੈੱਡ ਤੇ ਕੁਰਸੀ ਰੱਖ ਕੇ ਪੱਖੇ ਨਾਲ ਲਮਕੇ ਆਤਮ ਹੱਤਿਆ ਕਰ ਲਈ ਸੀ। ਉਨ੍ਹਾਂ ਦੱਸਿਆ ਨਿੱਜੀ ਐਂਬੂਲੈਂਸ ਰਾਹੀਂ ਉਨ੍ਹਾਂ ਵੱਲੋਂ ਮਨਪ੍ਰੀਤ ਕੌਰ ਨੂੰ ਸਰਕਾਰੀ ਸਿਵਲ ਹਸਪਤਾਲ ਖਰੜ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮ੍ਰਿਤਕ ਦੇ ਪਤੀ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਮ੍ਰਿਤਕਾ ਦੀ ਸੱਸ ਅਤੇ ਸਹੁਰੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Share: